ਦੇਵੀਗੜ੍ਹ : ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਇੰਚਾਰਜ ਡਾ. ਮਨਪ੍ਰੀਤ ਕੌਰ ਦੀ ਨਿਗਰਾਨੀ ਅਤੇ ਧਰਮ ਅਧਿਐਨ ਮੰਚ ਦੇ ਕਨਵੀਨਰ ਡਾ. ਤੇਜਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਬੀ.ਏ ਭਾਗ ਦੂਜਾ ਦੇ ਵਿਦਿਆਰਥੀਆਂ ਵੱਲੋਂ ਬੀ.ਏ ਭਾਗ ਤੀਜਾ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਮਾਗਮ ਦਾ ਉਦਘਾਟਨ ਕਰਦਿਆਂ ਕਾਲਜ ਇੰਚਾਰਜ ਨੇ ਵਿਦਿਆਰਥੀਆਂ ਅਤੇ ਸਟਾਫ ਦਾ ਸਵਾਗਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿਖ ਲਈ ਸ਼ੁਭ ਕਾਮਨਾਵਾਂ ਵੀ ਦਿਤੀਆਂ। ਉਨ੍ਹਾਂ ਕਿਹਾ ਕਿ ਵਿਦਿਅਕ ਸੰਸਥਾਵਾਂ ਅਧਿਆਪਕਾਂ ਅਤੇ ਚੰਗੇ ਵਿਦਿਆਰਥੀਆਂ ਸਦਕਾ ਹੀ ਬੁਲੰਦੀਆਂ ਛੂੰਹਦੀਆਂ ਹਨ। ਇਸ ਮੌਕੇ ਧਰਮ ਅਧਿਐਨ ਮੰਚ ਦੇ ਕਨਵੀਨਰ ਡਾ. ਤੇਜਿੰਦਰ ਪਾਲ ਸਿੰਘ ਨੇ ਕਿਹਾ ਕਿ ਵਿਦਿਆਰਥੀ ਕਿਸੇ ਵੀ ਸੰਸਥਾ ਦਾ ਸਰਮਾਇਆ ਹੁੰਦੇ ਹਨ। ਜਦੋਂ ਵਿਦਿਆਰਥੀ ਕਿਸੇ ਕਾਲਜ ਵਿਚੋਂ ਉਚ-ਸਿਖਿਆ ਗ੍ਰਹਿਣ ਕਰਕੇ ਜੀਵਨ ਵਿਚ ਕਾਮਯਾਬੀ ਹਾਸਲ ਕਰਦੇੇ ਹਨ ਤਾਂ ਇਸ ਤੋਂ ਵੱਡੀ ਮਾਣ ਵਾਲੀ ਗਲ ਇਕ ਅਧਿਆਪਕ ਲਈ ਹੋਰ ਨਹੀਂ ਹੁੰਦੀ। ਇਸ ਦੌਰਾਨ ਵਿਦਿਆਰਥੀਆਂ ਦੇ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਜਾਣ-ਪਛਾਣ; ਕਲਾਤਮਕ ਪੇਸ਼ਕਾਰੀ, ਸਵਾਲ-ਜਵਾਬ ਆਦਿ ਸ਼ਾਮਿਲ ਸਨ। ਇਨ੍ਹਾਂ ਮੁਕਾਬਲਿਆਂ ਦੌਰਾਨ ਲੜਕਿਆਂ ਵਿਚੋਂ ਬੀ.ਏ (ਭਾਗ ਤੀਜਾ) ਦਾ ਵਿਦਿਆਰਥੀ ਲਵਪ੍ਰੀਤ ਸਿੰਘ 'ਮਿਸਟਰ ਫੇਅਰਵੈਲ' ਚੁਣਿਆ ਗਿਆ। ਇਸੇ ਤਰ੍ਹਾਂ ਲੜਕੀਆਂ ਵਿਚੋਂ ਵਿਦਿਆਰਥਣ ਪਰਨੀਤ ਕੌਰ 'ਮਿਸ ਫੇਅਰਵੈਲ' ਚੁਣੀ ਗਈ। ਸਮਾਰੋਹ ਦੌਰਾਨ ਜਜਮੈਂਟ ਕਰਨ ਦੀ ਭੂਮਿਕਾ ਡਾ. ਹਰਜੀਤ ਕੌਰ ਅਤੇ ਪ੍ਰੋ. ਜਸਵੀਰ ਕੌਰ ਨੇ ਨਿਭਾਈ। ਸਟੇਜ ਸੰਚਾਲਨ ਦੀ ਭੂਮਿਕਾ ਮਨਪ੍ਰੀਤ ਕੌਰ ਅਤੇ ਨੈਨਸੀ ਨੇ ਨਿਭਾਈ। ਇਸ ਮੌਕੇ ਕਾਲਜ ਦਾ ਸਮੁਚਾ ਅਧਿਆਪਨ ਅਤੇ ਪ੍ਰਬੰਧਕੀ ਸਟਾਫ ਹਾਜ਼ਰ ਸੀ।
ਕੈਪਸ਼ਨ : ਯੂਨੀਵਰਸਿਟੀ ਕਾਲਜ ਮੀਰਾਂਪੁਰ ਦੇ ਇੰਚਾਰਜ ਡਾ. ਮਨਪ੍ਰੀਤ ਕੌਰ ਅਤੇ ਧਰਮ ਅਧਿਐਨ ਮੰਚ ਦੇ ਕਨਵੀਨਰ ਡਾ. ਤੇਜਿੰਦਰ ਪਾਲ ਸਿੰਘ ਜੇਤੂ ਵਿਦਿਆਰਥੀਆਂ ਨਾਲ।