ਸੁਨਾਮ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੱਤ ਰਾਜ ਸਭਾ ਸੰਸਦ ਮੈਂਬਰਾਂ ਦੇ ਭਾਜਪਾ ਵਿੱਚ ਰਲੇਵੇਂ ਨੂੰ "ਨਿੰਦਣਯੋਗ" ਕ਼ਰਾਰ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਭਾਜਪਾ ਵਿੱਚ ਸ਼ਾਮਿਲ ਹੋਏ ਸੱਤ ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਾਉਣ ਲਈ ਕਾਨੂੰਨੀ ਕਾਰਵਾਈ ਕਰੇਗੀ। ਸ਼ਨਿੱਚਰਵਾਰ ਨੂੰ ਨੂੰ ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡ ਨਮੋਲ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਪਾਰਟੀ ਅਜਿਹੇ ਝਟਕਿਆਂ ਤੋਂ ਨਹੀਂ ਡਰਦੀ, ਸਗੋਂ ਹਰ ਵਾਰ ਅਜਿਹੀਆਂ ਚੁਣੌਤੀਆਂ ਤੋਂ ਮਜ਼ਬੂਤ ਹੋਕੇ ਉੱਭਰੀ ਹੈ।
ਐਮਪੀਜ਼ ਦੇ ਦਲ ਬਦਲੀ 'ਤੇ ਹੈਰਾਨੀ ਪ੍ਰਗਟ ਕਰਦੇ ਹੋਏ, ਅਮਨ ਅਰੋੜਾ ਨੇ ਕਿਹਾ ਕਿ ਰਾਜਨੀਤੀ ਵਿੱਚ ਧੀਰਜ ਅਤੇ ਆਪਣੇ ਸਟੈਂਡ 'ਤੇ ਡਟੇ ਰਹਿਣਾ ਜ਼ਰੂਰੀ ਹੈ। ਇਹ ਸਮਝ ਤੋਂ ਪਰੇ ਹੈ ਕਿ ਸੰਦੀਪ ਪਾਠਕ ਅਤੇ ਰਾਘਵ ਚੱਢਾ ਵਰਗੇ ਨੇਤਾਵਾਂ ਨੂੰ ਪਾਰਟੀ ਛੱਡਣ ਲਈ ਕਿਸ ਦਬਾਅ ਨੇ ਮਜਬੂਰ ਕੀਤਾ। ਇਹ ਨਾ ਸਿਰਫ਼ ਮੰਦਭਾਗਾ ਹੈ ਸਗੋਂ ਲੋਕਤੰਤਰੀ ਕਦਰਾਂ-ਕੀਮਤਾਂ ਦੇ ਵਿਰੁੱਧ ਵੀ ਹੈ। ਉਨ੍ਹਾਂ ਆਖਿਆ ਕਿ ਰਾਸ਼ਟਰੀ ਲੀਡਰਸ਼ਿਪ ਜਾਂ ਮੁੱਖ ਮੰਤਰੀ ਭਗਵੰਤ ਮਾਨ ਇਸ ਘਟਨਾ ਤੋਂ ਜਾਣੂੰ ਹੋ ਸਕਦੇ ਹਨ, ਪਰ ਇਹ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਇਨ੍ਹਾਂ ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਨੂੰ ਮੁਅੱਤਲ ਕਰਨ ਅਤੇ ਰੱਦ ਕਰਨ ਲਈ ਢੁਕਵੀਂ ਕਾਨੂੰਨੀ ਕਾਰਵਾਈ ਕਰੇਗੀ।
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਇਸ ਦਾਅਵੇ 'ਤੇ ਚੁਟਕੀ ਲੈਂਦੇ ਹੋਏ ਕਿ 50 'ਆਪ' ਵਿਧਾਇਕ ਦਲ ਬਦਲ ਸਕਦੇ ਹਨ, ਅਰੋੜਾ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਰਾਜਾ ਵੜਿੰਗ ਨੇ ਰਾਜਨੀਤੀ ਛੱਡ ਦਿੱਤੀ ਹੈ ਅਤੇ ਜੋਤਿਸ਼ ਦਾ ਅਧਿਐਨ ਕੀਤਾ ਹੈ। ਦੂਜਿਆਂ ਦੇ ਘਰਾਂ ਵਿੱਚ ਝਾਤੀ ਮਾਰਨ ਦੀ ਬਜਾਏ, ਵੜਿੰਗ ਨੂੰ ਆਪਣੀ ਪਾਰਟੀ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਦੇ ਆਪਣੇ ਲੋਕ ਕਦੋਂ ਉਨ੍ਹਾਂ ਨੂੰ ਛੱਡ ਦਿੰਦੇ ਹਨ।