ਕੋਟਕਪੂਰਾ : ਬੇਟੀ ਤਮੰਨਾ ਸਪੁੱਤਰੀ ਨਰਿੰਦਰ ਕੁਮਾਰ ਵਾਸੀ ਜੈਤੋ ਦੇ ਅੱਠਵੀਂ ਕਲਾਸ ਵਿੱਚੋਂ ਪੰਜਾਬ ਭਰ ਵਿੱਚੋਂ ਪਹਿਲੇ ਨੰਬਰ ’ਤੇ ਆਉਣ ’ਤੇ ਪਰਜਾਪਤ ਸਭਾ ਜੈਤੋ ਵੱਲੋਂ ਸਨਮਾਨ ਸਮਾਗਮ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਸ਼ਹਿਰਾਂ ਕਸਬਿਆਂ ਤੋਂ ਪਰਜਾਪਤ ਸਮਾਜ ਦੇ ਸਾਥੀਆਂ ਵੱਲੋਂ ਬਹੁਤ ਹੀ ਵੱਧ ਚੜ ਕੇ ਤਮੰਨਾ ਬੇਟੀ ਦਾ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਹੀ ਬਠਿੰਡਾ ਵੱਲੋਂ ਵੀ ਪਰਜਾਪਤ ਵੈਲਫੇਅਰ ਸੋਸਾਇਟੀ ਦੀ ਟੀਮ ਪ੍ਰਧਾਨ ਜੀਤ ਰਾਮ ਦੋਦੜਾ ਦੀ ਅਗਵਾਈ ਵਿੱਚ ਪਹੁੰਚੀ। ਜਿਸ ਵਿੱਚ ਰਾਸ਼ਟਰੀ ਪਿਛੜਾ ਵਰਗ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਓਮ ਪ੍ਰਕਾਸ਼ ਪ੍ਰਜਾਪਤੀ, ਵਿਕਰਮਜੀਤ ਰਾਸ਼ਟਰੀ ਪਿਛੜਾ ਵਰਗ ਮੋਰਚਾ ਯੂਥ ਵਿੰਗ ਦੇ ਪ੍ਰਧਾਨ, ਟਿੰਕੂ ਕੁਮਾਰ ਵਰਮਾ ਸੋਸ਼ਲ ਵਰਕਰ ਅਤੇ ਰਜਿੰਦਰ ਕੁਮਾਰ, ਰੋਹਿਤ ਕੁਮਾਰ ਵਿਸ਼ੇਸ਼ ਤੌਰ ’ਤੇ ਬਠਿੰਡਾ ਤੋਂ ਸ਼ਾਮਿਲ ਹੋਏ। ਤਮੰਨਾ ਬੇਟੀ ਨੂੰ ਆਰਥਿਕ ਸਹਾਇਤਾ ਦੇ ਨਾਲ-ਨਾਲ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਮਾਤਾ ਸਵਿਤਰੀ ਬਾਈ ਜੀ ਦੀ ਫੋਟੋ ਵਾਲਾ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਮਾਤਾ ਸਵਿਤਰੀ ਬਾਈ ਨੇ ਹੀ ਸਾਰਿਆਂ ਤੋਂ ਪਹਿਲਾਂ ਲੜਕਿਆਂ ਵਾਸਤੇ 1840 ਵਿੱਚ ਪਹਿਲਾ ਸਕੂਲ ਖੋਲਿਆ ਸੀ। ਉਸ ਸਮੇਂ ਦੀ ਸਮਾਜਿਕ ਵਿਵਸਥਾ ਦੇ ਹਿਸਾਬ ਨਾਲ ਲੜਕੀ ਜਾਂ ਔਰਤ ਦਾ ਪੜਨਾ ਪਾਪ ਸਮਝਿਆ ਜਾਂਦਾ ਸੀ। ਫੂਲੇ ਫੈਮਲੀ ਤੋਂ ਸੇਂਧ ਲੈਂਦੇ ਹੋਏ ਡਾਕਟਰ ਬੀ.ਆਰ. ਅੰਬੇਦਕਰ ਨੇ ਸੰਵਿਧਾਨ ਵਿੱਚ ਬਿਨਾਂ ਕਿਸੇ ਲਿੰਗ ਭੇਦ ਤੋਂ ਵਿਦਿਆ ਪ੍ਰਾਪਤੀ ਸਾਰਿਆਂ ਲਈ ਬਰਾਬਰਤਾ ਦਾ ਕਾਨੂੰਨ ਬਣਾ ਦਿੱਤਾ। ਸਾਡੇ ਸਮਾਜ ਵਿੱਚ ਵਿਦਿਅਕ ਜਾਗਰੂਕਤਾ ਬਹੁਤ ਆ ਰਹੀ ਹੈ, ਇਸੇ ਕਰਕੇ ਸਾਡੇ ਸਮਾਜ ਦੇ ਬੱਚੇ ਅੱਜ ਪੜ੍ਹਾਈ ਵਿੱਚ ਵੱਡੀਆਂ ਵੱਡੀਆਂ ਮੱਲਾਂ ਮਾਰ ਰਹੇ ਹਨ। ਸਾਡੇ ਸਮਾਜ ਨੂੰ ਹੁਣ ਰਾਜਨੀਤਿਕ ਚੇਤਨਾ ਵੱਲ ਵੀ ਵਧਣਾ ਚਾਹੀਦਾ ਹੈ, ਕਿਉਂਕਿ ਰਾਜਨੀਤੀ ਹੀ ਸਾਰੀਆਂ ਸਮੱਸਿਆਵਾਂ ਦੀ ਚਾਬੀ ਹੈ।