ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਰਾਸ਼ਟਰੀ ਅਨੁਵਾਦ ਮਿਸ਼ਨ, ਮੈਸੂਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਤਿੰਨ ਰੋਜ਼ਾ ਅਨੁਵਾਦ ਵਰਕਸ਼ਾਪ ਅੱਜ ਆਰੰਭ ਹੋ ਗਈ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਦੀ ਸਰਪ੍ਰਸਤੀ ਹੇਠ 23 ਅਪ੍ਰੈਲ ਤੱਕ ਚੱਲਣ ਵਾਲ਼ੀ ਇਸ ਵਰਕਸ਼ਾਪ ਦਾ ਉਦਘਾਟਨੀ ਭਾਸ਼ਣ ਡਾ. ਰਾਜੇਸ਼ ਸ਼ਰਮਾ ਨੇ ਦਿੱਤਾ।
ਉਨ੍ਹਾਂ ਨੇ ਅਨੁਵਾਦ ਵਿੱਚ ਭਾਰਤੀ ਸਿਧਾਂਤ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਅਨੁਵਾਦ ਵਿੱਚ ਧੁਨੀ ਦੀ ਭੂਮਿਕਾ ਬਾਰੇ ਦਸਦਿਆਂ ਕਿਹਾ ਕਿ ਹਰ ਭਾਸ਼ਾ ਦੀ ਧੁਨੀ ਆਪਣੀ ਹੁੰਦੀ ਹੈ। ਇਹ ਧੁਨੀ ਹੀ ਅਨੁਵਾਦ ਦੇ ਅਤੇ ਭਾਸ਼ਾ ਦੇ ਰਿਸ਼ਤੇ ਨੂੰ ਨਿਰਧਾਰਿਤ ਕਰਦੀ ਹੈ। ਇਹ ਉਸ ਸੱਭਿਆਚਾਰ ਦੇ ਨਿਖੇੜੂ ਲੱਛਣਾਂ ਵਾਂਗ ਹੁੰਦੀ ਹੈ ਜਿਹੜੇ ਇੱਕ ਸੱਭਿਆਚਾਰ ਨੂੰ ਦੂਜੇ ਸੱਭਿਆਚਾਰ ਤੋਂ ਵਖਰਿਆਉਂਦੇ ਹਨ। ਉਦਘਾਟਨੀ ਸੈਸ਼ਨ ਵਿੱਚ ਭਾਸ਼ਾ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰਵਿੰਦਰ ਪਾਲ ਕੌਰ ਨੇ ਸਵਾਗਤੀ ਸ਼ਬਦ ਕਹੇ ਅਤੇ ਵਰਕਸ਼ਾਪ ਦੇ ਉਦੇਸ਼ ਬਾਰੇ ਜਾਣਕਾਰੀ ਸਾਂਝੀ ਕੀਤੀ, ਰਾਸ਼ਟਰੀ ਅਨੁਵਾਦ ਮਿਸ਼ਨ, ਮੈਸੂਰ ਵੱਲੋਂ ਆਏ ਡਾ. ਵਿਸ਼ਵਦੀਪ ਨੇ ਵਰਕਸ਼ਾਪ ਬਾਰੇ ਜਾਣ-ਪਛਾਣ ਕਰਵਾਈ। ਇਸ ਮੌਕੇ ਦੇ ਵੱਖ-ਵੱਖ ਪੱਖਾਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਵਰਕਸ਼ਾਪ ਦੀ ਪਹਿਲੀ ਬੈਠਕ ਵਿੱਚ ਡਾ. ਰਾਜੇਸ਼ ਸ਼ਰਮਾ, ਅੰਗਰੇਜ਼ੀ ਵਿਭਾਗ ਵੱਲੋਂ 'ਅਨੁਵਾਦ ਅਤੇ ਵਿਆਖਿਆ' ਵਿਸ਼ੇ 'ਤੇ ਆਪਣਾ ਪੱਖ ਪੇਸ਼ ਕੀਤਾ ਗਿਆ। ਉਨਾਂ ਵੱਲੋਂ ਅਨੁਵਾਦ ਦੇ ਖੇਤਰ ਦੀਆਂ ਵਿਸ਼ੇਸ਼ਤਾਵਾਂ ਅਤੇ ਸਮੱਸਿਆਵਾਂ ਬਾਰੇ ਚਾਨਣਾ ਪਾਇਆ ਗਿਆ। ਵਰਕਸ਼ਾਪ ਦੀ ਦੂਜੀ ਬੈਠਕ ਵਿੱਚ ਡਾ. ਸੁਰਜੀਤ ਸਿੰਘ, ਪ੍ਰੋਫੈਸਰ, ਪੰਜਾਬੀ ਵਿਭਾਗ ਵੱਲੋਂ 'ਸਾਹਿਤਕ ਅਨੁਵਾਦ' ਬਾਰੇ ਵਿਚਾਰ ਪੇਸ਼ ਕੀਤੇ ਗਏ। ਉਹਨਾਂ ਅਨੁਵਾਦ ਵਿੱਚ ਆਪਣੇ ਮੁੱਢਲੇ ਤਜਰਬਿਆਂ ਤੋਂ ਗੱਲ ਸ਼ੁਰੂ ਕੀਤੀ। ਉਹਨਾਂ ਅਨੁਵਾਦ ਵਿੱਚ ਪ੍ਰਸੰਗ ਅਤੇ ਮੈਟਾਫਰ ਦੀਆਂ ਚੁਣੌਤੀਆਂ ਉੱਤੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਕੋਈ ਵੀ ਭਾਸ਼ਾ ਜਦੋਂ ਦੂਜੀ ਭਾਸ਼ਾ ਵਿੱਚ ਅਨੁਵਾਦ ਕੀਤੀ ਜਾਂਦੀ ਹੈ ਤਾਂ ਉਹਨੂੰ ਉਦੇਸ਼ ਭਾਸ਼ਾ ਦੇ ਅਨੁਸਾਰੀ ਬਣਾਉਣ ਦੀ ਕੋਸ਼ਿਸ਼ ਅਨੁਵਾਦ ਦਾ ਅਸਲ ਮੰਤਵ ਰੋਕਦੀ ਹੈ । ਤੀਜੀ ਬੈਠਕ ਵਿੱਚ ਡਾ. ਸੀ. ਪੀ. ਕੰਬੋਜ, ਭਾਸ਼ਾ ਵਿਗਿਆਨ ਵਿਭਾਗ, ਨੇ ਮਸ਼ੀਨੀ ਅਨੁਵਾਦ ਅਤੇ ਅਨੁਵਾਦ ਉਪਕਰਣਾਂ ਦੀ ਵਰਤੋਂ ਬਾਰੇ ਪ੍ਰਯੋਗਾਤਮਕ ਜਾਣਕਾਰੀ ਦਿੱਤੀ। ਉਹਨਾਂ ਮਸ਼ੀਨੀ ਅਨੁਵਾਦ ਦੀ ਸੰਪਾਦਨਾ ਲਈ ਉਪਲਬਧ ਸਾਫਟਵੇਅਰ ਅਤੇ ਟੂਲਸ ਬਾਰੇ ਜਾਣਕਾਰੀ ਦਿੱਤੀ ਉਹਨਾਂ ਵੱਲੋਂ ਅਨੁਵਾਦਕ ਦੀ ਭੂਮਿਕਾ ਬਾਰੇ ਵੀ ਗੱਲ ਕੀਤੀ ਗਈ ਉਹਨਾਂ ਅਨੁਸਾਰ ਹੁਣ ਅਨੁਵਾਦਕ ਦਾ ਰੋਲ ਬਦਲ ਗਿਆ ਹੈ ਅਤੇ ਹੁਣ ਅਨੁਵਾਦਕ ਅਨੁਵਾਦ ਨੂੰ ਸੰਵਾਰਨ ਵੱਲ ਵੱਧ ਰਹੇ ਹਨ। ਉਹਨਾਂ ਨੇ ਮਸ਼ੀਨ ਟਰਾਂਸਲੇਸ਼ਨ ਦੀਆਂ ਸਮੱਸਿਆਵਾਂ ਅਤੇ ਸੰਭਾਵਨਾਵਾਂ ਬਾਰੇ ਵੀ ਗੱਲ ਕੀਤੀ।