ਮੋਗਾ : ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਮੋਗਾ ਪੁਲਿਸ ਨੇ 2 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਧਰਮਕੋਟ ਦੇ ਡੀ ਐਸ ਪੀ ਜਸਵਰਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਵਾਈ ਸੀਨੀਅਰ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਜਾਣਕਾਰੀ ਅਨੁਸਾਰ, 11 ਅਪ੍ਰੈਲ ਨੂੰ ਬਰਨਾਲਾ ਤੋਂ ਅੰਮ੍ਰਿਤਸਰ ਜਾ ਰਹੀ ਬੱਸ ਨਾਲ ਇੱਕ ਕਾਰ ਦੀ ਟੱਕਰ ਹੋਈ। ਹਾਦਸੇ ਤੋਂ ਬਾਅਦ ਕਾਰ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਲਿਫਾਫੇ ਵਿੱਚ ਲਪੇਟਿਆ ਨਸ਼ੀਲਾ ਪਦਾਰਥ ਮਿਲਿਆ, ਜਿਸ ਦਾ ਵਜ਼ਨ 2 ਕਿਲੋ 500 ਗ੍ਰਾਮ ਹੈਰੋਇਨ ਨਿਕਲਿਆ। ਇਸ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਅਤੇ ਦਰਸ਼ਨ ਸਿੰਘ ਵਾਸੀ ਜ਼ਿਲ੍ਹਾ ਤਰਨਤਾਰਨ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਗੁਰਪ੍ਰੀਤ ਸਿੰਘ ਹਾਦਸੇ ਵਿੱਚ ਜ਼ਖ਼ਮੀ ਹੋ ਕੇ ਇਲਾਜ ਅਧੀਨ ਹੈ, ਜਦਕਿ ਅਗਲੀ ਕਾਰਵਾਈ ਜਾਰੀ ਹੈ।