ਕਤਲੋਗਾਰਤ ਲੁੱਟ ਖੋਹ ਦੀਆਂ ਵਾਰਦਾਤਾਂ ਬਣੀਆਂ ਆਮ
ਸੁਨਾਮ : ਸੂਬੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ, ਕਤਲ ਡਕੈਤੀਆਂ ਅਤੇ ਲੁੱਟ ਖੋਹਾਂ ਦੇ ਖਿਲਾਫ ਭਾਜਪਾ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਮੂਹਰੇ ਦਿੱਤੇ ਧਰਨੇ ਵਿੱਚ ਭਾਜਪਾ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਦਾਮਨ ਬਾਜਵਾ ਨੇ ਵੱਡੀ ਗਿਣਤੀ ਆਪਣੇ ਸਾਥੀਆਂ ਨਾਲ ਸ਼ਿਰਕਤ ਕੀਤੀ। ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਆਖਿਆ ਕਿ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨਿੱਤ ਦਿਨ ਬਿਗੜ ਰਹੀ ਹੈ। ਚਿੱਟੇ ਦਿਨ ਸ਼ਰੇਆਮ ਗੋਲੀਆਂ ਮਾਰੀਆਂ ਜਾ ਰਹੀਆਂ ਹਨ, ਡਕੈਤੀਆਂ ਅਤੇ ਲੁੱਟ ਖੋਹਾਂ ਆਮ ਜਿਹੀ ਗੱਲ ਬਣਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਜਗਾਉਣ ਲਈ ਭਾਰਤੀ ਜਨਤਾ ਪਾਰਟੀ ਨੇ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਧਰਨਾ ਦੇਕੇ ਨਾਅਰੇਬਾਜ਼ੀ ਕੀਤੀ ਗਈ ਹੈ ਜੇ ਕਿਤੇ ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗ ਪਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ 4 ਸਾਲ ਦਾ ਕਾਰਜਕਾਲ ਪੂਰਾ ਹੋ ਗਿਆ ਹੈ, ਅੱਜ ਹਾਲਾਤ ਇਹ ਹਨ ਕੀ ਕੋਈ ਵਰਗ ਅਜਿਹਾ ਨਹੀਂ ਹੈ, ਜੋ ਧਰਨੇ ਤੇ ਨਹੀਂ ਬੈਠਾ। ਪੰਜਾਬ ਅੰਦਰ ਅਮਨ ਕਾਨੂੰਨ ਖ਼ਤਮ ਹੋ ਚੁੱਕਿਆ ਹੈ ਹੁਣ ਲੋਕਾਂ ਨੂੰ ਆਪਣੀ ਜਾਨ ਤੇ ਮਾਲ ਦਾ ਡਰ ਸਤਾ ਰਿਹਾ ਹੈ। ਭਾਜਪਾ ਆਗੂ ਦਾਮਨ ਬਾਜਵਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਅੱਜ ਵੀ ਇਹ ਬਿਆਨ ਦੇ ਰਹੇ ਹਨ ਕਿ ਗੈਂਗਸਟਰ ਵਾਦ ਮਗਰਲੀਆਂ ਸਰਕਾਰਾਂ ਦੇ ਬੀਜੇ ਹੋਏ ਕੰਢੇ ਹਨ। ਉਨ੍ਹਾਂ ਸਵਾਲ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਕੀ ਕੀਤਾ ਹੈ ਜਾਂ ਇਹੀ ਕਹਿਕੇ ਬੁੱਤਾ ਸਰ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗਕੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਨੂੰ ਯਕੀਨੀ ਬਣਾਵੇ।