Saturday, December 20, 2025

Education

ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਸਮਰੱਥ ਬਣਾਉਣ ਲਈ 40 ਸਕੂਲਾਂ ਵਿੱਚ "ਹੁਨਰ ਸਿੱਖਿਆ ਸਕੂਲ" ਪ੍ਰੋਗਰਾਮ ਲਾਗੂ: ਬੈਂਸ

December 19, 2025 09:20 PM
SehajTimes

ਇਹ ਪਹਿਲ ਹੁਨਰ ਦੇ ਪਾੜੇ ਨੂੰ ਪੂਰ ਕੇ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰੇਗੀ: ਮਨੀਸ਼ ਸਿਸੋਦੀਆ

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਅਤੇ 'ਆਪ' ਪੰਜਾਬ ਦੇ ਇੰਚਾਰਜ ਸ੍ਰੀ ਮਨੀਸ਼ ਸਿਸੋਦੀਆ ਵੱਲੋਂ ਅੱਜ 'ਹੁਨਰ ਸਿੱਖਿਆ ਸਕੂਲ' ਹੈਂਡਬੁੱਕ ਲਾਂਚ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਅਕਾਦਮਿਕ ਸਾਲ 2025-26 ਲਈ 40 ਸਕੂਲਾਂ ਵਿੱਚ ਸ਼ੁਰੂ ਕੀਤੇ ਗਏ "ਹੁਨਰ ਸਿੱਖਿਆ ਸਕੂਲ" ਪ੍ਰੋਗਰਾਮ, ਜਿਸਦਾ ਉਦੇਸ਼ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਵੇਂ ਯੁੱਗ ਦੀਆਂ ਲੋੜਾਂ ਅਨੁਸਾਰ ਅਤਿ-ਆਧੁਨਿਕ ਹੁਨਰਾਂ ਨਾਲ ਲੈੱਸ ਕਰਨਾ ਹੈ, ਵਾਸਤੇ ਉਦਯੋਗ-ਕੇਂਦ੍ਰਿਤ ਪਾਠਕ੍ਰਮ ਤਿਆਰ ਕਰਨ ਵਿੱਚ ਸਹਿਯੋਗ ਦੇਣ ਵਾਲੇ ਅਧਿਆਪਕਾਂ, ਵਿਸ਼ਾ ਮਾਹਿਰਾਂ ਅਤੇ ਤਕਨੀਕੀ ਭਾਈਵਾਲਾਂ ਦਾ ਸਨਮਾਨ ਵੀ ਕੀਤਾ ਗਿਆ।

ਇੱਥੇ ਐਮ.ਸੀ. ਭਵਨ ਵਿਖੇ ਕਰਵਾਏ ਗਏ ਸਮਾਰੋਹ ਦੌਰਾਨ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ਲੰਬੇ ਸਮੇਂ ਤੋਂ ਉਦਯੋਗ ਦੀਆਂ ਲੋੜਾਂ ਨੂੰ ਅੱਖੋਂ ਪਰੋਖੇ ਕਰਕੇ ਚੱਲੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ 2.8 ਲੱਖ ਵਿਦਿਆਰਥੀਆਂ ਨੂੰ ਲੈ ਕੇ ਸਾਡੇ ਵੱਲੋਂ ਕੀਤੇ ਗਏ ਸਰਵੇਖਣ ਅਤੇ ਰਾਸ਼ਟਰੀ ਅੰਕੜਿਆਂ ਨੇ ਇੱਕ ਕੌੜੀ ਹਕੀਕਤ ਪੇਸ਼ ਕੀਤੀ ਹੈ ਕਿ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 45 ਫੀਸਦ ਤੋਂ ਵੱਧ ਵਿਦਿਆਰਥੀ ਨੌਕਰੀ ਲਈ ਤਿਆਰ ਨਹੀਂ ਹੁੰਦੇ, ਜਿਸ ਦਾ ਕਾਰਨ ਸਹੀ ਹੁਨਰ ਸਿਖਲਾਈ ਨਾ ਮਿਲਣਾ ਅਤੇ ਕਮਜ਼ੋਰ ਸਮਾਜਿਕ-ਆਰਥਿਕ ਪਿਛੋਕੜ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਦੇਸ਼ ਭਰ ਵਿੱਚ ਹੁਨਰ ਦੇ ਇਸ ਪਾੜੇ ਨੂੰ ਪੂਰਨ ਲਈ ਇਹ ਪਹਿਲ ਸ਼ੁਰੂ ਕੀਤੀ ਗਈ ਹੈ।

ਇਸ ਦੌਰਾਨ ਸ. ਬੈਂਸ ਅਤੇ ਸ੍ਰੀ ਸਿਸੋਦੀਆ ਨੇ ਅਧਿਆਪਕਾਂ, ਵਿਸ਼ਾ ਮਾਹਿਰਾਂ ਅਤੇ ਹੋਰ ਭਾਈਵਾਲਾਂ ਨਾਲ ਵਿਚਾਰ ਵਟਾਂਦਰਾ ਕਰਕੇ ਵੱਕਾਰੀ "ਹੁਨਰ ਸਿੱਖਿਆ ਸਕੂਲ" ਪ੍ਰੋਗਰਾਮ ਬਾਰੇ ਫੀਡਬੈਕ ਵੀ ਲਿਆ।

ਸਿੱਖਿਆ ਮੰਤਰੀ ਨੇ ਦੱਸਿਆ ਕਿ 'ਹੁਨਰ ਸਿੱਖਿਆ ਸਕੂਲ' ਪਹਿਲਕਦਮੀ ਸੀਨੀਅਰ ਸੈਕੰਡਰੀ ਪਾਠਕ੍ਰਮ ਵਿੱਚ ਤਿੰਨ-ਵਿਸ਼ਿਆਂ ‘ਤੇ ਅਧਾਰਤ ਮਾਡਲ ਦੇ ਨਾਲ ਕਿੱਤਾਮੁਖੀ ਸਿਖਲਾਈ ਵਿੱਚ ਕ੍ਰਾਂਤੀ ਲਿਆਏਗੀ। ਇਸਨੂੰ ਰਵਾਇਤੀ ਕਿੱਤਾਮੁਖੀ ਸਿਖਲਾਈ ਤੋਂ ਬਿਲਕੁਲ ਵੱਖਰਾ ਤਿਆਰ ਕੀਤਾ ਗਿਆ ਹੈ। ਇਸ ਸਿਖਲਾਈ ਪ੍ਰੋਗਰਾਮ ਤਹਿਤ ਵਿਦਿਆਰਥੀ ਆਲਮੀ ਅਤੇ ਸਨਅਤੀ ਆਗੂਆਂ ਦੁਆਰਾ ਤਿਆਰ ਅਤੇ ਪ੍ਰਮਾਣਿਤ ਪਾਠਕ੍ਰਮ ਨਾਲ ਚਾਰ ਉੱਚ-ਮੰਗ ਵਾਲੇ ਖੇਤਰਾਂ ਵਿੱਚੋਂ ਕਿਸੇ ਇੱਕ ਵਿੱਚ ਮੁਹਾਰਤ ਹਾਸਲ ਕਰ ਸਕਦੇ ਹਨ, ਜਿਨ੍ਹਾਂ ਵਿੱਚ ਮੈਕਸ ਹੈਲਥਕੇਅਰ ਇੰਸਟੀਚਿਊਟ ਦੁਆਰਾ ਤਿਆਰ ਕੀਤੇ ਹੈਲਥਕੇਅਰ ਸਾਇੰਸਿਜ਼ ਐਂਡ ਸਰਵਿਸਿਜ਼, ਆਈਆਈਟੀ ਦਿੱਲੀ ਦੁਆਰਾ ਵਿਕਸਤ ਡਿਜੀਟਲ ਡਿਜ਼ਾਈਨ ਐਂਡ ਡਿਵੈਲਪਮੈਂਟ, ਓਰੇਨ ਇੰਟਰਨੈਸ਼ਨਲ ਦੁਆਰਾ ਡਿਜ਼ਾਈਨਡ ਬਿਊਟੀ ਐਂਡ ਵੈਲਨੈੱਸ ਅਤੇ ਲੇਬਰਨੈੱਟ ਸਰਵਿਸਿਜ਼ ਇੰਡੀਆ ਲਿਮਟਿਡ ਦੁਆਰਾ ਤਿਆਰ ਬੈਂਕਿੰਗ, ਫਾਇਨੈਂਸ਼ੀਅਲ ਸਰਵਿਸਿਜ਼ ਐਂਡ ਇੰਸ਼ੋਰੈਂਸ (ਬੀ.ਐਫ.ਐਸ.ਆਈ) ਸ਼ਾਮਲ ਹਨ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਐਜੂਕੇਸ਼ਨ ਐਲਾਇੰਸ ਐਂਡ ਮਾਈਕਲ ਐਂਡ ਸੁਜ਼ਨ ਡੈੱਲ ਫਾਊਂਡੇਸ਼ਨ ਦੀ ਤਕਨੀਕੀ ਭਾਈਵਾਲ ਵਜੋਂ ਇਸ ਪਹਿਲ ਨੂੰ ਬੁਨਿਆਦੀ ਸਹਾਇਤਾ ਨਾਲ ਹੋਰ ਮਜ਼ਬੂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਪੇਸ਼ੇਵਰ ਹੁਨਰ ਵਿਸ਼ਿਆਂ ਨੂੰ ਲਾਜ਼ਮੀ ਬਣਾ ਕੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਂਦਾ ਹੈ। ਕੰਮ ਵਾਲੀ ਥਾਂ ਦੀ ਲੋੜ ਅਨੁਸਾਰ ਕੈਂਬਰਿਜ ਯੂਨੀਵਰਸਿਟੀ ਪ੍ਰੈਸ ਐਂਡ ਅਸੈਸਮੈਂਟ ਨੇ 'ਫੰਕਸ਼ਨਲ ਇੰਗਲਿਸ਼ ਐਂਡ ਕਮਿਊਨੀਕੇਸ਼ਨ' ਇੱਕ ਵਿਸ਼ੇਸ਼ ਪਾਠਕ੍ਰਮ ਤਿਆਰ ਕੀਤਾ ਹੈ। ਇਸ ਤੋਂ ਇਲਾਵਾ ਕਰੀਅਰ ਫਾਊਂਡੇਸ਼ਨ ਅਤੇ ਡਿਜ਼ੀਟਲ ਸਾਖਰਤਾ ਕੋਰਸ ਵਿਦਿਆਰਥੀਆਂ ਨੂੰ ਵਿੱਤੀ, ਕਾਨੂੰਨੀ ਅਤੇ ਤਕਨੀਕੀ ਸੂਝਬੂਝ ਨਾਲ ਲੈੱਸ ਕਰਨਗੇ।

ਸ. ਬੈਂਸ ਨੇ ਕਿਹਾ ਕਿ ਦੇਸ਼ ਭਰ ਵਿੱਚ ਸਕੂਲ ਸਿੱਖਿਆ ਵਿੱਚ ਮੋਹਰੀ ਪੰਜਾਬ ਵੱਲੋਂ ਕਲਾਸਰੂਮਾਂ ਵਿੱਚ ਉਦਯੋਗ ਦੀਆਂ ਲੋੜਾਂ ਮੁਤਾਬਕ ਪਾਠਕ੍ਰਮ ਨੂੰ ਸ਼ਾਮਲ ਕਰਕੇ ਆਪਣੇ ਸਿੱਖਿਆ ਮਾਡਲ ਵਿੱਚ ਕ੍ਰਾਂਤੀ ਲਿਆਂਦੀ ਜਾ ਰਹੀ ਹੈ। 'ਹੁਨਰ ਸਿੱਖਿਆ ਸਕੂਲ' ਪ੍ਰੋਗਰਾਮ ਵਿਦਿਆਰਥੀਆਂ ਨੂੰ ਏ.ਆਈ., ਡਿਜ਼ੀਟਲ ਡਿਜ਼ਾਈਨ ਅਤੇ ਭਵਿੱਖ-ਕੇਂਦ੍ਰਿਤ ਕਾਰਜਖੇਤਰਾਂ ਵਿੱਚ ਹੁਨਰਾਂ ਨਾਲ ਲੈਸ ਕਰੇਗਾ, ਜਿਸ ਨਾਲ ਉਹ ਪਹਿਲੇ ਦਿਨ ਤੋਂ ਹੀ ਨੌਕਰੀ ਲਈ ਤਿਆਰ ਹੋਣਗੇ। ਪੰਜਾਬ ਸਰਕਾਰ ਬਿਹਤਰ ਅਨੁਭਵ ਨੂੰ ਯਕੀਨੀ ਬਣਾਉਣ ਲਈ ਅਤਿ-ਆਧੁਨਿਕ ਬੁਨਿਆਦੀ ਢਾਂਚਾ, ਕਿੱਤਾਮੁਖੀ ਪ੍ਰਯੋਗਸ਼ਾਲਾਵਾਂ ਅਤੇ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰ ਰਹੀ ਹੈ।

ਇਸ ਦੌਰਾਨ ਹਾਜ਼ਰ ਅਧਿਆਪਕਾਂ ਤੇ ਭਾਈਵਾਲ਼ਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮਨੀਸ਼ ਸਿਸੋਦੀਆ ਨੇ ਰੱਟੇ ਮਾਰਨ ਤੋਂ ਹਟ ਕੇ ਵਿਹਾਰਕ ਹੁਨਰਾਂ ਵੱਲ ਧਿਆਨ ਕੇਂਦਰਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਹਾਰਕ ਗਿਆਨ ਅਤੇ ਹੁਨਰ ਵਿਕਾਸ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਦਸਵੀਂ ਜਮਾਤ ਤੋਂ ਬਾਅਦ ਆਈ.ਟੀ. ਅਤੇ ਹੋਰ ਖੇਤਰਾਂ ਵਿੱਚ ਮੌਕਿਆਂ ਦੀ ਪੜਚੋਲ ਕਰਨ ਦੇ ਯੋਗ ਬਣਾਉਣਾ ਜ਼ਰੂਰੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ 'ਹੁਨਰ ਸਿੱਖਿਆ ਸਕੂਲ' ਰਾਹੀਂ ਇੱਕ ਅਜਿਹਾ ਮਾਹੌਲ ਸਿਰਜ ਰਹੀ ਹੈ ਜੋ ਸਕੂਲ ਪੱਧਰ 'ਤੇ ਹੁਨਰ ਨੂੰ ਤਰਾਸ਼ ਕੇ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਸਮਰੱਥ ਬਣਾਏਗੀ।

ਇਸ ਮੌਕੇ ਸਕੂਲ ਸਿੱਖਿਆ ਵਿਭਾਗ ਦੇ ਪ੍ਰਬੰਧਕੀ ਸਕੱਤਰ ਸ੍ਰੀਮਤੀ ਅਨਿੰਦਿਤਾ ਮਿੱਤਰਾ, ਮਿਸ਼ਨ ਡਾਇਰੈਕਟਰ ਪੀਐਸਡੀਐਮ ਅੰਮ੍ਰਿਤ ਸਿੰਘ, ਮੈਂਬਰ ਪੰਜਾਬ ਵਿਕਾਸ ਕਮਿਸ਼ਨ ਅਨੁਰਾਗ ਕੁੰਡੂ, ਵਧੀਕ ਸਕੱਤਰ ਸਕੂਲ ਸਿੱਖਿਆ ਕਲਪਨਾ ਕੇ., ਡਾਇਰੈਕਟਰ ਸੈਕੰਡਰੀ ਸਿੱਖਿਆ ਗੁਰਿੰਦਰ ਸਿੰਘ ਸੋਢੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Have something to say? Post your comment

 

More in Education

ਵਿਦਿਆਰਥੀਆਂ ਨੂੰ ਠੰਡ ਤੋਂ ਬਚਾਉਣ ਲਈ ਜਾਗਰੂਕ ਕੀਤਾ

ਕੋਟਪਾ ਐਕਟ ਤਹਿਤ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਚੰਗੀ ਕਾਰਗੁਜ਼ਾਰੀ ਦਿਖਾਈ 

ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਜਯੋਤੀ ਸ਼ਰਮਾ ਨੇ ਸੰਗੀਤ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲਿ਼ਆ

ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 29 ਅਕਤੂਬਰ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

IISER ਮੋਹਾਲੀ ਵੱਲੋਂ ਆਪਣਾ 19ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਪ੍ਰੋ. ਨਿਸ਼ਠਾ ਤ੍ਰਿਪਾਠੀ ਨੇ ਸਰਕਾਰੀ ਮਹਿੰਦਰਾ ਕਾਲਜ ਦੇ ਰੈਗੂਲਰ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ

ਪੰਜਾਬੀ ਯੂਨੀਵਰਸਿਟੀ ਦੇ ਜੀਵ-ਵਿਗਿਆਨ ਵਿਭਾਗ ਨੇ ਮਨਾਇਆ 58ਵਾਂ ਸਥਾਪਨਾ ਦਿਵਸ

ਪੰਜਾਬ ਦੀਆਂ ਚਾਰ ਸਰਕਾਰੀ ਯੂਨੀਵਰਸਿਟੀਆਂ ਤੋਂ ਸੀਨੀਅਰ ਅਧਿਕਾਰੀਆਂ ਦੇ ਵਫ਼ਦ ਨੇ ਕੀਤਾ ਪੰਜਾਬੀ ਯੂਨੀਵਰਸਿਟੀ ਦਾ ਦੌਰਾ

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ CBSE ਵੱਲੋਂ ਅਧਿਆਪਕਾਂ ਲਈ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ