ਮਾਲੇਰਕੋਟਲਾ : ਪੰਜਾਬ ਵਕਫ ਬੋਰਡ ਦੇ ਪ੍ਰਬੰਧ ਅਧੀਨ ਚੱਲਣ ਵਾਲੇ ਵਿਦਿਅਕ ਅਦਾਰੇ ਇਸਲਾਮੀਆ ਗਰਲਜ਼ ਕਾਲਜ ਵਿੱਚ ਕਾਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ। ਕਨਵੋਕੇਸ਼ਨ ਭਾਸ਼ਣ ਦੀ ਜਿੰਮੇਵਾਰੀ ਪ੍ਰੋਫੈਸਰ ਡਾਕਟਰ ਜਸਵਿੰਦਰ ਸਿੰਘ ਬਰਾੜ ਡੀਨ ਅਕਾਦਮਿਕ ਮਾਮਲੇ ਅਤੇ ਡੀਨ ਸਮਾਜਿਕ ਵਿਗਿਆਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਨਿਭਾਈ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਰਿਟਾਇਰਡ ਪ੍ਰਿੰਸੀਪਲ ਸ੍ਰੀ ਅਬਦੁਸ ਸਲਾਮ ਨਿਆਜੀ ਪਹੁੰਚੇ। ਕਾਲਜ ਦੀ ਪ੍ਰਿੰਸੀਪਲ ਡਾਕਟਰ ਰਾਹਿਲਾ ਖਾਨ ਨੇ ਕਾਲਜ ਦੀਆਂ ਪ੍ਰਾਪਤੀਆਂ ਦੀ ਸੰਖੇਪ ਰਿਪੋਰਟ ਪੇਸ਼ ਕੀਤੀ। ਉਹਨਾਂ ਡਿਗਰੀ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਪੇਸ਼ ਕਰਦਿਆਂ ਕਿਹਾ ਕਿ ਇਹਨਾਂ ਲੜਕੀਆਂ ਨੇ ਸਿੱਖਿਆ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਕਾਲਜ ਦਾ ਨਾਮ ਚਮਕਾਇਆ ਹੈ। ਮੰਚ ਦਾ ਸੰਚਾਲਨ ਰਜਿਸਟਰਾਰ ਸਬੀਹਾ ਖਾਨ, ਵਾਈਸ ਪ੍ਰਿੰਸੀਪਲ ਮੈਡਮ ਰੂਬੀਨਾ ਅਤੇ ਮੈਡਮ ਕੌਕਬ ਉਸਮਾਨੀ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਤੇ 341 ਵਿਦਿਆਰਥਨਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਪ੍ਰੋਫੈਸਰ ਡਾਕਟਰ ਜਸਵਿੰਦਰ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਅਧੀਨ ਕਾਲਜ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਹੁਨਰਮੰਦ ਵੀ ਬਣਾ ਰਹੇ ਹਨ ਜੋ ਕਿ ਮੌਜੂਦਾ ਸਮੇਂ ਦੀ ਮੁੱਖ ਲੋੜ ਹੈ। ਪੰਜਾਬੀ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕਰਕੇ ਵਿਦਿਆਰਥੀ ਦੁਨੀਆਂ ਵਿੱਚ ਯੂਨੀਵਰਸਿਟੀ ਦਾ ਨਾਮ ਰੋਸ਼ਨ ਕਰ ਰਹੇ ਹਨ। ਉਹਨਾਂ ਇਸਲਾਮੀਆ ਗਰਲਜ਼ ਕਾਲਜ ਪ੍ਰਤੀ ਆਪਣੀਆਂ ਸ਼ੁਭ ਇੱਛਾਵਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਕਾਲਜ ਆਪਣੀਆਂ ਉੱਚ ਪ੍ਰਾਪਤੀਆਂ ਸਦਕਾ ਬਹੁਤ ਜਲਦੀ ਪੰਜਾਬ ਦਾ ਬਿਹਤਰੀਨ ਕਾਲਜ ਬਣੇਗਾ। ਵਿਸ਼ੇਸ਼ ਮਹਿਮਾਨ ਸ੍ਰੀ ਅਬਦੁਸ ਸਲਾਮ ਨਿਆਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਸਲਾਮੀਆ ਗਰਲਜ਼ ਕਾਲਜ ਤੇ ਬੜਾ ਮਾਣ ਮਹਿਸੂਸ ਕਰਦੇ ਹਨ ਕਿਉਂਕਿ ਇਥੋਂ ਦੀਆਂ ਵਿਦਿਆਰਥਨਾਂ ਨੇ ਸਿੱਖਿਆ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਉਹਨਾਂ ਕਿਹਾ ਕਿ ਇੱਕ ਸੱਭਿਅਕ ਸਮਾਜ ਦੀ ਸਿਰਜਨਾ ਦੇ ਲਈ ਲੜਕੀਆਂ ਦਾ ਪੜਿਆ ਲਿਖਿਆ ਹੋਣਾ ਬਹੁਤ ਜਰੂਰੀ ਹੈ। ਇਸ ਮੌਕੇ ਤੇ ਰਿਟਾਇਰਡ ਤਹਿਸੀਲਦਾਰ ਸ੍ਰੀ ਸਿਰਾਜ ਅਹਿਮਦ, ਰਿਟਾਇਰਡ ਵੈਟਰਨਰੀ ਅਫਸਰ ਡਾਕਟਰ ਮੁਹੰਮਦ ਰਮਜਾਨ, ਪ੍ਰਿੰਸੀਪਲ ਸਭਾ ਸ਼ਾਹੀਨ, ਰਿਟਾਇਰਡ ਪ੍ਰਿੰਸੀਪਲ ਮੁਹੰਮਦ ਜਮੀਲ, ਪ੍ਰਿੰਸੀਪਲ ਇਲਿਆਸ ਅੰਸਾਰੀ, ਅਲਫਲਾਹ ਐਜੂਕੇਸ਼ਨਲ ਟਰਸਟ ਦੇ ਚੇਅਰਮੈਨ ਸ੍ਰੀ ਸਾਬਰ ਅਲੀ ਜੁਬੈਰੀ, ਸ੍ਰੀ ਯਾਕੂਬ ਕੋਚ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।