ਸੁਨਾਮ : ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਵੱਲੋਂ ਹਰ ਸਾਲ ਆਯੋਜਿਤ ਕੀਤੀ ਜਾਣ ਵਾਲੀ ਵਜ਼ੀਫ਼ਾ ਪ੍ਰੀਖਿਆ ਐਤਵਾਰ ਨੂੰ ਸੁਨਾਮ ਦੇ ਕੇਂਦਰ ਸਰਕਾਰੀ (ਕੰ) ਸਸਸ ਸਕੂਲ ਵਿਖੇ ਡੀਟੀਅਐਫ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਬਖਸੀਵਾਲਾ (ਰਿਟਾਇਰਡ ਲੈਕਚਰਾਰ) ਦੀ ਅਗਵਾਈ ਹੇਠ ਸਫ਼ਲਤਾ ਪੂਰਵਕ ਲਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਰਵਿੰਦਰ ਸਿੰਘ ਅਤੇ ਸਕੱਤਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸੈਂਟਰ ਸੁਨਾਮ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਕੈਟਾਗਰੀ ਦੇ ਪੰਜਵੀਂ,ਅੱਠਵੀਂ,ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਕੁੱਲ 445 ਵਿਦਿਆਰਥੀਆਂ ਨੇ ਭਾਗ ਲਿਆ। ਜਥੇਬੰਦੀ ਵੱਲੋਂ ਇਹ ਪ੍ਰੀਖਿਆ ਕਿਸੇ ਮਹਾਨ ਸਖਸ਼ੀਅਤ ਜਾਂ ਵਰਤਾਰੇ ਨੂੰ ਸਮਰਪਿਤ ਕੀਤੀ ਜਾਂਦੀ ਹੈ। ਇਸ ਸਾਲ ਇਹ ਜ਼ਿਲ੍ਹੇ ਦੀ ਮਹਾਨ ਸੁਤੰਤਰਤਾ ਸੰਗਰਾਮਣ ਗ਼ਦਰੀ ਗੁਲਾਬ ਕੌਰ ਦੇ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਕੀਤੀ ਗਈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਨਮੂਨੇ ਦੀ ਨਕਲ ਰਹਿਤ ਮੁਕਾਬਲਾ ਪ੍ਰੀਖਿਆ ਦਾ ਅਨੁਭਵ ਦੇਣਾ ਅਤੇ ਉਹਨਾਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ, ਸਮਾਜਵਾਦ,ਧਰਮ ਨਿਰਪੱਖਤਾ,ਦੇਸ-ਭਗਤੀ ਜਿਹੀਆਂ ਕਦਰਾਂ ਕੀਮਤਾਂ ਪੈਦਾ ਕਰਨ ਦੇ ਨਾਲ-ਨਾਲ ਉਹਨਾਂ ਦੇ ਮਹਾਨ ਵਿਰਸੇ ਨਾਲ ਜੋੜਨਾ ਹੈ। ਪ੍ਰੀਖਿਆ ਪ੍ਰਬੰਧਕ ਸੀਨੀਅਰ ਆਗੂ ਪਵਨ ਕੁਮਾਰ, ਨੇ ਦੱਸਿਆ ਇਹ ਪ੍ਰੀਖਿਆ ਜਥੇਬੰਦੀ ਦੇ ਮੌਜੂਦਾ ਅਤੇ ਰਿਟਾਇਰਡ ਆਗੂਆਂ ਅਤੇ ਕਾਰਕੁਨਾਂ ਅਤੇ ਹਮਦਰਦਾਂ ਦੇ ਸਹਿਯੋਗ ਨਾਲ ਪਿਛਲੇ 36 ਸਾਲਾਂ ਤੋਂ ਆਯੋਜਿਤ ਕੀਤੀ ਜਾ ਰਹੀ ਹੈ। ਇਸ ਪ੍ਰੀਖਿਆ ਵਿੱਚ ਦੋਨਾਂ ਕੈਟਾਗਰੀਆਂ ਵਿੱਚ ਅਲੱਗ-ਅਲੱਗ ਹਰੇਕ ਜਮਾਤ ਦੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਸਮਾਰੋਹ ਆਯੋਜਿਤ ਕਰਕੇ ਇੱਕ ਵਾਰ ਨਕਦ ਰਾਸ਼ੀ ਵਜ਼ੀਫ਼ੇ ਦੇ ਤੌਰ 'ਤੇ ਦਿੱਤੀ ਜਾਵੇਗੀ ਅਤੇ ਅਗਲੇ ਦਸ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹੌਸਲਾ ਵਧਾਊ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।