ਸੁਨਾਮ : ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਵਿਖੇ ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ। ਸਭ ਤੋਂ ਪਹਿਲਾਂ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋ ਜਪੁਜੀ ਸਾਹਿਬ ਦਾ ਪਾਠ ਕੀਤਾ ਗਿਆ। ਵਿਦਿਆਰਥਣਾਂ ਵੱਲੋ ਸ਼ਬਦ ਗਾਇਨ ਕੀਤੇ ਗਏ। ਪੰਜਾਬੀ ਕਲੱਬ ਵੱਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਵਿੰਗ ਵਿੱਚ ਅੰਤਰ ਹਾਊਸ ਮੁਕਾਬਲੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਪ੍ਰਸ਼ਨੋਤਰੀ ਕਰਵਾਈ ਗਈ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਡਾਕਟਰ ਲਵਲੀਨ ਕੌਰ ( ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸੰਗਰੂਰ) ਅਤੇ ਡਾਕਟਰ ਅਵਿਨਾਸ਼ ਰਾਣਾ (ਪ੍ਰਾਜੈਕਟ ਡਾਇਰੈਕਟਰ ਐੱਚ . ਆਈ. ਵੀ. ਏਡਸ. ਟੀ. ਆਈ) ਮੁੱਖ ਬੁਲਾਰੇ ਦੇ ਤੌਰ ਤੇ ਹਾਜ਼ਰ ਰਹੇ। ਸਕੂਲ ਦੇ ਪ੍ਰਿੰਸੀਪਲ ਅਮਿਤ ਡੋਗਰਾ ਵੱਲੋ ਆਏ ਹੋਏ ਮਹਿਮਾਨਾਂ ਨਾਲ ਜਾਣ ਪਛਾਣ ਕਰਵਾਈ, ਸਵਾਗਤ ਕੀਤਾ ਅਤੇ ਸਿਰੋਪਾਓ ਭੇਟ ਕੀਤੇ। ਇਸ ਮੌਕੇ ਤੇ ਡਾ. ਅਵਿਨਾਸ਼ ਰਾਣਾ ਨੇ ਆਪਣੇ ਵਿਚਾਰਾਂ ਦੌਰਾਨ ਗੁਰਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਨੇ ਉਸ ਸਮੇਂ ਦੀ ਰਾਜਨੀਤਿਕ ਸਮਾਜਿਕ ਹਾਲਤ ਤੇ ਚਾਨਣਾ ਪਾਇਆ। ਸਮਾਜ ਵਿੱਚ ਫੈਲੀਆਂ ਕੁਰੀਤੀਆਂ ਤੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਕਲਯੁੱਗ ਵਿੱਚ ਅਵਤਾਰ ਧਾਰ ਕੇ ਲੋਕਾਂ ਨੂੰ ਅਗਿਆਨਤਾ ਦੇ ਹਨੇਰੇ ਚੋਂ ਕੱਢਿਆ ਅਤੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ। ਉਹਨਾਂ ਨੇ ਵਿਦਿਆਰਥੀਆਂ ਨੂੰ ਸਮਾਜ ਦੇ ਅੱਜ ਦੇ ਹਾਲਾਤਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਅੱਜ ਦਾ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਰਿਹਾ ਹੈ ਨਸ਼ਿਆਂ ਦੇ ਇਸ ਕੋੜ ਨੂੰ ਖਤਮ ਕਰਨ ਲਈ ਸਾਨੂੰ ਗੁਰਬਾਣੀ ਦਾ ਓਟ ਆਸਰਾ ਲੈਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾ. ਲਵਲੀਨ ਕੌਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚੋ ਬਹੁਤ ਸਾਰੀਆਂ ਕੁਰੀਤੀਆਂ ਨੂੰ ਖ਼ਤਮ ਕੀਤਾ। ਅੱਜ ਵੀ ਸਮਾਜ ਵਿੱਚ ਕੁਰੀਤੀ ਜੋ ਕਿ ਨਸ਼ਿਆਂ ਦੀ ਚੱਲ ਰਹੀ ਉਸਨੂੰ ਵੀ ਅਸੀਂ ਖ਼ਤਮ ਕਰਨਾ ਹੈ ਅਜਿਹੇ ਹਾਲਾਤਾਂ ਵਿੱਚ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰਬਾਣੀ ਵੱਲੋਂ ਦਰਸਾਏ ਗਏ ਸਹੀ ਰਸਤੇ ਤੇ ਚੱਲ ਕੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ, ਉਹਨਾਂ ਕਿਹਾ ਕਿ ਅੱਜ ਦਾ ਵਿਦਿਆਰਥੀ ਸਮਾਜ ਦਾ ਕੱਲ੍ਹ ਹਨ ਉਹਨਾਂ ਨੇ ਹੀ ਨਵਾਂ ਸਮਾਜ ਸਿਰਜਣਾਂ ਹੈ। ਇਸ ਲਈ ਸਾਨੂੰ ਅੱਜ ਦੇ ਬੱਚਿਆਂ ਨੂੰ ਸਹੀ ਸੇਧ ਦੇਣ ਦੀ ਲੋੜ ਹੈ। ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਅਮਲ ਕਰੀਏ। ਉਹਨਾਂ ਨੇ ਵਿਦਿਆਰਥੀਆਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਤੇ ਸ੍ਰੀ ਬਲਵਿੰਦਰ ਭਾਰਦਵਾਜ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ। ਸਕੂਲ ਦੇ ਪ੍ਰਿੰਸੀਪਲ ਸ੍ਰੀ ਅਮਿਤ ਡੋਗਰਾ ਜੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਜਨਕ ਰਾਜ, ਬਲਵਿੰਦਰ ਭਾਰਦਵਾਜ, ਡਾ. ਮਨੋਜ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਪ੍ਰੋਗਰਾਮ ਪੰਜਾਬੀ ਕਲੱਬ ਵੱਲੋਂ ਕਰਵਾਇਆ ਗਿਆ।