Sunday, November 02, 2025

Chandigarh

ਹੜ੍ਹ ਪ੍ਰਭਾਵਿਤ ਪਿੰਡ 10 ਦਿਨਾਂ ਵਿੱਚ ਗਾਰ ਤੇ ਮਲਬੇ ਤੋਂ ਮੁਕਤ ਹੋਣਗੇ : ਮੁੱਖ ਮੰਤਰੀ

September 13, 2025 06:40 PM
SehajTimes

ਵਿਆਪਕ ਮੁਹਿੰਮ ਲਈ 100 ਕਰੋੜ ਖਰਚੇ ਜਾਣਗੇ

ਭਾਜਪਾ ਦਾ ਪੰਜਾਬ ਵਿਰੋਧੀ ਚਿਹਰਾ ਬੇਨਕਾਬ ਹੋਇਆ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 100 ਕਰੋੜ ਰੁਪਏ ਦੀ ਲਾਗਤ ਨਾਲ ਮੁੜ ਵਸੇਬਾ ਅਤੇ ਸਫਾਈ ਮੁਹਿੰਮ ਜੰਗੀ ਪੱਧਰ ’ਤੇ ਚਲਾਉਣ ਦਾ ਐਲਾਨ ਕੀਤਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਬਹੁਤ ਸਾਰੇ ਇਲਾਕਿਆਂ ਵਿੱਚ ਹੁਣ ਹੜ੍ਹਾਂ ਦਾ ਪਾਣੀ ਘਟ ਰਿਹਾ ਹੈ ਪਰ ਪਿੰਡਾਂ ਤੇ ਕਸਬਿਆਂ ਵਿੱਚ ਗਾਰ ਤੇ ਗੰਦਗੀ ਬਹੁਤ ਫੈਲੀ ਹੋਈ ਹੈ। ਉਨ੍ਹਾਂ ਕਿਹਾ ਕਿ ਜਨ-ਜੀਵਨ ਲੀਹ ’ਤੇ ਆ ਰਿਹਾ ਹੈ ਜਿਸ ਕਰਕੇ ਇਨ੍ਹਾਂ ਇਲਾਕਿਆਂ ਦੀ ਸਫਾਈ ਦਾ ਕੰਮ ਬਹੁਤ ਜ਼ਰੂਰੀ ਹੈ ਅਤੇ ਇਸ ਲਈ ਸੂਬਾ ਸਰਕਾਰ 2300 ਪ੍ਰਭਾਵਿਤ ਪਿੰਡਾਂ ਅਤੇ ਵਾਰਡਾਂ ਵਿੱਚ ਵਿਆਪਕ ਪੱਧਰ ’ਤੇ ਸਫਾਈ ਕਰਨ ਦੀ ਮੁਹਿੰਮ ਦਾ ਆਗਾਜ਼ ਕਰਨ ਜਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰੇਕ ਪਿੰਡ ਲਈ ਸਰਕਾਰ ਨੇ ਟੀਮਾਂ ਦਾ ਗਠਨ ਕੀਤਾ ਹੈ ਜਿਨ੍ਹਾਂ ਕੋਲ ਜੇ.ਸੀ.ਬੀ. ਮਸ਼ੀਨਾਂ, ਟਰੈਕਟਰ-ਟਰਾਲੀਆਂ ਅਤੇ ਲੇਬਰ ਦੀ ਵਿਵਸਥਾ ਹੋਵੇਗੀ। ਇਹ ਟੀਮਾਂ ਗਾਰ ਤੇ ਮਲਬਾ ਹਟਾਉਣਗੀਆਂ ਅਤੇ ਹਰੇਕ ਪਿੰਡ ਦੀ ਮੁਕੰਮਲ ਸਫਾਈ ਨੂੰ ਯਕੀਨੀ ਬਣਾਉਣਗੀਆਂ।
ਮੁੱਖ ਮੰਤਰੀ ਨੇ ਖਦਸ਼ਾ ਪ੍ਰਗਟ ਕੀਤਾ ਕਿ ਹੜ੍ਹਾਂ ਦੌਰਾਨ ਕਈ ਜਾਨਵਰਾਂ ਦੀ ਮੌਤ ਹੋ ਗਈ, ਇਸ ਲਈ ਇਹ ਟੀਮਾਂ ਇਨ੍ਹਾਂ ਪਸ਼ੂਆਂ ਦਾ ਸਹੀ ਢੰਗ ਨਾਲ ਨਿਪਟਾਰਾ ਕਰਨਗੀਆਂ, ਜਿਸ ਤੋਂ ਬਾਅਦ ਹਰ ਪਿੰਡ ਵਿੱਚ ਸਫਾਈ ਅਤੇ ਫੌਗਿੰਗ ਕੀਤੀ ਜਾਵੇਗੀ ਤਾਂ ਜੋ ਬਿਮਾਰੀਆਂ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਪੂਰੀ ਮੁਹਿੰਮ ਲਈ 100 ਕਰੋੜ ਰੁਪਏ ਦੇ ਫੰਡ ਰੱਖੇ ਹਨ ਅਤੇ ਇਸ ਵਿੱਚੋਂ ਕੰਮ ਸ਼ੁਰੂ ਕਰਨ ਲਈ ਹਰੇਕ ਪ੍ਰਭਾਵਿਤ ਪਿੰਡ ਨੂੰ ਸ਼ੁਰੂਆਤੀ ਫੰਡ ਵਜੋਂ ਇਕ ਲੱਖ ਰੁਪਏ ਜਾਰੀ ਕੀਤੇ ਜਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਫੰਡ ਵਿੱਚੋਂ ਹੋਰ ਲੋੜਾਂ ਵੀ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਨਾਲ ਹੀ ਸਫਾਈ ਦਾ ਪੂਰਾ ਖਰਚਾ ਸੂਬਾ ਸਰਕਾਰ ਚੁੱਕੇਗੀ।
ਇਸ ਮੁਹਿੰਮ ਲਈ ਸਮਾਂ-ਸੀਮਾ ਨਿਰਧਾਰਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ 24 ਸਤੰਬਰ ਤੱਕ ਸਾਰੇ ਪਿੰਡਾਂ ਨੂੰ ਸਾਫ਼ ਕਰਕੇ ਗਾਰ ਤੇ ਮਲਬਾ ਮੁਕਤ ਕਰ ਦਿੱਤਾ ਜਾਵੇਗਾ ਅਤੇ 15 ਅਕਤੂਬਰ ਤੱਕ ਜਨਤਕ ਥਾਵਾਂ 'ਤੇ ਮੁਰੰਮਤ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ 22 ਅਕਤੂਬਰ ਤੱਕ ਛੱਪੜਾਂ ਦੀ ਸਫਾਈ ਦਾ ਕੰਮ ਪੂਰਾ ਕਰ ਲਿਆ ਜਾਵੇਗਾ ਜਿਸ ਲਈ ਸਰਕਾਰ ਨੇ ਪਹਿਲਾਂ ਹੀ ਸਾਰੇ ਜ਼ਰੂਰੀ ਪ੍ਰਬੰਧ ਕਰ ਲਏ ਹਨ। ਭਗਵੰਤ ਸਿੰਘ ਮਾਨ ਨੇ ਜਿਸ ਤਰ੍ਹਾਂ ਸਾਰਿਆਂ ਨੇ ਇਕੱਠੇ ਹੋ ਕੇ ਇਸ ਕੁਦਰਤੀ ਆਫ਼ਤ ਵਿਰੁੱਧ ਲੜਾਈ ਲੜੀ ਸੀ, ਓਸੇ ਤਰ੍ਹਾਂ ਇਸ ਨੇਕ ਕਾਰਜ ਵਿੱਚ ਵੀ ਗੈਰ-ਸਰਕਾਰੀ ਸੰਗਠਨਾਂ, ਯੂਥ ਕਲੱਬਾਂ ਅਤੇ ਹੋਰ ਸੰਗਠਨਾਂ ਨੂੰ ਸ਼ਹਿਯੋਗ ਲਈ ਅਪੀਲ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਬਹੁਤ ਮਹੱਤਵਪੂਰਨ ਹੈ ਕਿ ਹੜ੍ਹਾਂ ਤੋਂ ਬਾਅਦ ਕੋਈ ਬਿਮਾਰੀ ਨਾ ਫੈਲੇ ਅਤੇ ਸਿਹਤ ਸਬੰਧੀ ਸਮੱਸਿਆਵਾਂ ਵਾਲੇ ਕਿਸੇ ਵੀ ਵਿਅਕਤੀ ਨੂੰ ਤੁਰੰਤ ਡਾਕਟਰੀ ਸਹਾਇਤਾ ਮਿਲੇ। ਇਸ ਉਦੇਸ਼ ਲਈ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਾਰੇ 2,303 ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਮੈਡੀਕਲ ਕੈਂਪ ਲਾਏਗੀ। ਉਨ੍ਹਾਂ ਕਿਹਾ ਕਿ 596 ਪਿੰਡਾਂ ਵਿੱਚ, ਜਿੱਥੇ ਆਮ ਆਦਮੀ ਕਲੀਨਿਕ ਪਹਿਲਾਂ ਹੀ ਮੌਜੂਦ ਹਨ, ਉੱਥੇ ਮੈਡੀਕਲ ਕੈਂਪ, ਸਿਹਤ ਸਹੂਲਤਾਂ ਅਤੇ ਦਵਾਈਆਂ ਉਪਲਬਧ ਹੋਣਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਾਕੀ 1,707 ਪਿੰਡਾਂ ਵਿੱਚ ਇਹ ਮੈਡੀਕਲ ਕੈਂਪ ਸਕੂਲ, ਧਰਮਸ਼ਾਲਾਵਾਂ, ਆਂਗਣਵਾੜੀ ਕੇਂਦਰਾਂ ਜਾਂ ਪੰਚਾਇਤ ਭਵਨਾਂ ਵਰਗੀਆਂ ਸਾਂਝੀ ਥਾਵਾਂ 'ਤੇ ਲਾਏ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਕੈਂਪ ਵਿੱਚ ਡਾਕਟਰ, ਮੈਡੀਕਲ ਸਟਾਫ਼ ਅਤੇ ਡਾਕਟਰੀ ਸਹੂਲਤਾਂ ਮੌਜੂਦ ਹੋਣਗੀਆਂ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਵਿਸ਼ੇਸ਼ ਮੁਹਿੰਮ ਲਈ 550 ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਹੈ ਤਾਂ ਜੋ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਡਾਕਟਰੀ ਸੇਵਾ ਪ੍ਰਾਪਤ ਕਰਨ ਵਿੱਚ ਕੋਈ ਦੇਰੀ ਜਾਂ ਮੁਸ਼ਕਲ ਨਾ ਆਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ, 713 ਪਿੰਡਾਂ ਦੇ ਲਗਭਗ 2.50 ਲੱਖ ਪਸ਼ੂ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਵਿੱਚ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਨੇ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਕਿ ਪਸ਼ੂ ਪਾਲਕਾਂ ਦੀ ਸਹਾਇਤਾ ਕੀਤੀ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਪਿੰਡਾਂ ਵਿੱਚ ਵੈਟਰਨਰੀ ਡਾਕਟਰਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਪਸ਼ੂਆਂ ਵਾਲੀਆਂ ਥਾਵਾਂ ਦੀ ਸਫਾਈ ਅਤੇ ਕੀਟਾਣੂ-ਰਹਿਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ ਤੋਂ ਮਲਬਾ ਅਤੇ ਖਰਾਬ ਚਾਰਾ ਹਟਾਇਆ ਜਾਵੇਗਾ ਅਤੇ ਕਿਸਾਨਾਂ ਨੂੰ ਚਾਰਾ ਅਤੇ ਪਾਣੀ ਕੀਟਾਣੂ-ਰਹਿਤ ਕਰਨ ਲਈ ਪੋਟਾਸ਼ੀਅਮ ਪਰਮੈਗਨੇਟ ਪ੍ਰਦਾਨ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਸਾਰੇ ਪ੍ਰਭਾਵਿਤ ਜਾਨਵਰਾਂ ਦਾ ਟੀਕਾਕਰਨ 30 ਸਤੰਬਰ ਤੱਕ ਪੂਰਾ ਕਰ ਲਿਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸੰਕਟ ਦੇ ਇਸ ਸਮੇਂ ਕਿਸਾਨਾਂ ਲਈ ਭਾਵੇਂ ਕੋਈ ਵੀ ਮਦਦ ਅਜੇ ਨਾਕਾਫ਼ੀ ਹੈ, ਫਿਰ ਵੀ ਸਰਕਾਰ ਆਪਣੀ ਪੂਰੀ ਵਾਹ ਲਾਉਣ ਲਈ ਦ੍ਰਿੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਅਤੇ ਮੰਡੀਆਂ ਵਿੱਚ 16 ਸਤੰਬਰ ਤੋਂ ਖਰੀਦ ਸ਼ੁਰੂ ਕਰਨ ਲਈ ਪ੍ਰਬੰਧ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਹੇਠ ਆਈਆਂ ਮੰਡੀਆਂ ਦੀ ਜੰਗੀ ਪੱਧਰ 'ਤੇ ਸਫਾਈ ਅਤੇ ਮੁਰੰਮਤ ਕੀਤੀ ਜਾ ਰਹੀ ਹੈ ਅਤੇ 19 ਸਤੰਬਰ ਤੱਕ ਇਹ ਹੜ੍ਹ ਪ੍ਰਭਾਵਿਤ ਮੰਡੀਆਂ ਵੀ ਖਰੀਦ ਲਈ ਤਿਆਰ ਹੋ ਜਾਣਗੀਆਂ।
ਮੁੱਖ ਮੰਤਰੀ ਨੇ ਦੁਹਰਾਇਆ ਕਿ ਸੂਬਾ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਇਸ ਆਫ਼ਤ ਵਿੱਚੋਂ ਇਕਜੁਟ ਹੋ ਕੇ ਮਜ਼ਬੂਤੀ ਨਾਲ ਉਭਰੇਗਾ। ਮੁੱਖ ਮੰਤਰੀ ਨੇ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਦੀਆਂ ਕੋਸ਼ਿਸ਼ ਵਿੱਚ ਜੁਟ ਜਾਣ ਦਾ ਐਲਾਨ ਕੀਤਾ।
ਭਾਜਪਾ ’ਤੇ ਵਿਅੰਗ ਕੱਸਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਦਾ ਪੰਜਾਬ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ ਕਿਉਂਕਿ ਉਨ੍ਹਾਂ ਨੇ ਔਖੇ ਸਮੇਂ ਦੌਰਾਨ ਸੂਬੇ ਦੀ ਮਦਦ ਨਹੀਂ ਕੀਤੀ ਅਤੇ ਇਸੇ ਲਈ ਉਹ ਹੁਣ ਬੇਲੋੜੀਆਂ ਗੱਲਾਂ ਨਾਲ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਤੋਂ ਸਪੱਸ਼ਟ ਤੌਰ ’ਤੇ ਸਵਾਲ ਪੁੱਛ ਰਹੇ ਹਨ ਕਿ ਕੇਂਦਰ ਸਰਕਾਰ ਨੇ ਸੂਬੇ ਨੂੰ ਕਦੋਂ ਅਤੇ ਕਿੰਨਾ ਪੈਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਵਾਲ ਦਾ ਜਵਾਬ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਵੇਗਾ ਪਰ ਭਾਜਪਾ ਆਗੂ ਇਸ ਤੋਂ ਬਚ ਰਹੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਦਾ ਅਸਲੀ ਚਿਹਰਾ ਨੰਗਾ ਹੋ ਜਾਵੇਗਾ। ਉਨ੍ਹਾਂ ਨੇ ਭਾਜਪਾ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਮੁਸ਼ਕਲ ਸਮੇਂ ਦੌਰਾਨ ਪੰਜਾਬ ਨਾਲ ਘਟੀਆ ਸਿਆਸਤ ਨਾ ਖੇਡਣ ਕਿਉਂਕਿ ਪੰਜਾਬੀ ਇਨ੍ਹਾਂ ਗੱਲਾਂ ਨੂੰ ਕਦੇ ਨਹੀਂ ਭੁੱਲਦੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿੱਥੋਂ ਤੱਕ ਕੇਂਦਰ ਤੋਂ ਆਏ ਫੰਡਾਂ ਅਤੇ ਕਿੰਨਾ ਖਰਚ ਕੀਤਾ ਗਿਆ ਹੈ, ਇਸ ਦੀ ਰਿਪੋਰਟ ਨਾਲ ਤਸਵੀਰ ਸਾਫ ਹੋ ਜਾਂਦੀ ਹੈ। ਉਨ੍ਹਾਂ ਨੇ ਵੇਰਵੇ ਦਿੰਦਿਆਂ ਕਿਹਾ ਕਿ ਸੂਬਾਈ ਆਫਤ ਰਾਹਤ ਫੰਡ (ਐਸ.ਡੀ.ਆਰ.ਐਫ.) ਸਾਲ 2010 ਵਿੱਚ ਬਣਾਇਆ ਗਿਆ ਸੀ ਅਤੇ ਉਸ ਸਾਲ ਤੋਂ ਲੈ ਕੇ ਹੁਣ ਤੱਕ ਇਸ ਫੰਡ ਵਿੱਚ 5012 ਕਰੋੜ ਰੁਪਏ ਦਾ ਫੰਡ ਆਇਆ ਹੈ ਜਿਸ ਵਿੱਚੋਂ ਇਨ੍ਹਾਂ ਸਾਲਾਂ ਦੌਰਾਨ ਕੁਦਰਤੀ ਆਫਤਾਂ ਮੌਕੇ ਰਾਹਤ ਕਾਰਜਾਂ ਲਈ 3820 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਮੁੱਦੇ ਉਠਾਉਣ ਦੀ ਬਜਾਏ, ਸਾਰੇ ਪੰਜਾਬ ਦੇ ਲੋਕਾਂ ਦੀ ਮਦਦ ਲਈ ਇਕਜੁਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਪੰਜਾਬੀਆਂ ਨੂੰ ਹੜ੍ਹਾਂ ਦੇ ਕਹਿਰ ਨਾਲ ਤਬਾਹ ਹੋਏ ਪੰਜਾਬ ਨੂੰ ਮੁੜ ਖੜ੍ਹਾ ਕਰਨ ਦੀ ਲੋੜ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਨੇਕ ਕਾਰਜ ਲਈ ਕੋਈ ਕਸਰ ਨਹੀਂ ਛੱਡੇਗੀ।

Have something to say? Post your comment

 

More in Chandigarh

ਹਰਚੰਦ ਸਿੰਘ ਬਰਸਟ ਨੇ ਆਮ ਆਦਮੀ ਪਾਰਟੀ ਦੇ ਵਲੰਟਿਅਰਾਂ ਨੂੰ ਹਲਕਾ ਤਰਨਤਾਰਨ ਵਿਖੇ ਘਰ - ਘਰ ਜਾ ਕੇ ਪ੍ਰਚਾਰ ਕਰਨ ਲਈ ਕੀਤਾ ਪ੍ਰੇਰਿਤ

ਪੰਜਾਬ ਸਰਕਾਰ ਨੇ ਜਲ ਜੀਵ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ "ਰੋਹੂ" ਨੂੰ ਰਾਜ ਮੱਛੀ ਐਲਾਨਿਆ

'ਯੁੱਧ ਨਸ਼ਿਆਂ ਵਿਰੁੱਧ’ ਦੇ 244ਵੇਂ ਦਿਨ ਪੰਜਾਬ ਪੁਲਿਸ ਵੱਲੋਂ 3.3 ਕਿਲੋ ਹੈਰੋਇਨ ਅਤੇ 5 ਕਿਲੋ ਅਫੀਮ ਸਮੇਤ 77 ਨਸ਼ਾ ਤਸਕਰ ਕਾਬੂ

ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵਧੀਕ ਡਾਇਰੈਕਟਰ ਹਰਜੀਤ ਗਰੇਵਾਲ ਅਤੇ ਡਿਪਟੀ ਡਾਇਰੈਕਟਰ ਹਰਦੀਪ ਸਿੰਘ ਨੂੰ ਸੇਵਾਮੁਕਤੀ ‘ਤੇ ਨਿੱਘੀ ਵਿਦਾਇਗੀ

ਐਸ.ਸੀ. ਕਮਿਸ਼ਨ ਜਨਵਰੀ 2026 ਤੋਂ ਵਰਚੂਅਲ ਕੋਰਟ ਕਰੇਗੀ ਸਥਾਪਤ: ਜਸਵੀਰ ਸਿੰਘ ਗੜ੍ਹੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 15 ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ

ਪੰਜਾਬ ਸਰਕਾਰ ਜੰਗੀ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਵਚਨਬੱਧ

ਮੁੱਖ ਮੰਤਰੀ ਫਲਾਇੰਗ ਸਕੁਐਡ ਦੀ ਲਿੰਕ ਸੜਕਾਂ ਦੇ ਨਵੀਨੀਕਰਨ ਉੱਤੇ ਤਿੱਖੀ ਨਜ਼ਰ: ਗੁਰਮੀਤ ਸਿੰਘ ਖੁੱਡੀਆਂ

ਆਂਗਣਵਾੜੀ ਕੇਂਦਰ ਦਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਵਿਜੇ ਦੱਤ ਨੇ ਕੀਤਾ ਅਚਾਨਕ ਨਿਰੀਖਣ

'ਯੁੱਧ ਨਸ਼ਿਆਂ ਵਿਰੁੱਧ’ ਦੇ 243ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.3 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਡਰੱਗ ਮਨੀ ਸਮੇਤ 76 ਨਸ਼ਾ ਤਸਕਰ ਕਾਬੂ