ਕਿਰਤਪੁਰ ਸਾਹਿਬ : ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਲੋਕਾਂ ਦੀ ਸਿਹਤ ਸੁਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਅਤੇ ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਅਤੇ ਸੀਨੀਅਰ ਮੈਡੀਲਕ ਅਫਸਰ ਡਾ. ਆਨੰਦ ਘਈ ਦੀ ਅਗਵਾਈ ਹੇਠ ਬਲਾਕ ਭਰਤਗੜ੍ਹ ਅਧੀਨ ਆਉਂਦੇ ਹੜ੍ਹ ਪ੍ਰਭਾਵਿਤ ਪਿੰਡ ਆਸਪੁਰ ਵਿੱਚ ਮੈਡੀਕਲ ਕੈਂਪ ਅਤੇ ਘਰ-ਘਰ ਸਰਵੇ ਕੀਤਾ ਗਿਆ। ਇਸ ਕੈਂਪ ਵਿੱਚ ਕੁੱਲ 114 ਮਰੀਜ਼ਾਂ ਦੀ ਓ.ਪੀ.ਡੀ. ਜਾਂਚ ਕੀਤੀ ਗਈ ਅਤੇ 110 ਘਰਾਂ ਦਾ ਸਰਵੇ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੂੰ ਓ.ਆਰ.ਐਸ. ਪੈਕਟ ਅਤੇ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਗਈਆਂ, ਤਾਂ ਜੋ ਉਹ ਸੁਰੱਖਿਅਤ ਪਾਣੀ ਦੀ ਵਰਤੋਂ ਕਰ ਸਕਣ। ਨਾਲ ਹੀ ਐਂਟੀ ਲਾਰਵਾ ਸਪਰੇਅ ਅਤੇ ਕੰਟੇਨਰ ਸਰਵੇ ਕਰਕੇ ਡੇਂਗੂ ਅਤੇ ਹੋਰ ਮੱਛਰ-ਜਨਤ ਬਿਮਾਰੀਆਂ ਤੋਂ ਬਚਾਵ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ। ਇਸ ਕਾਰਜ ਵਿੱਚ ਸੈਨਿਟਰੀ ਇੰਸਪੈਕਟਰ ਜਸਵਿੰਦਰ ਸਿੰਘ, ਕਮਿਊਨਿਟੀ ਹੈਲਥ ਅਫਸਰ ਡਾ. ਕੁਨਾਲ ਸ਼ਰਮਾ ਅਤੇ ਮਮਤਾ, ਹੈਲਥ ਵਰਕਰ ਰਵਿੰਦਰ ਕੁਮਾਰ, ਜਸਵਿੰਦਰ ਸਿੰਘ, ਹਰਮੀਤ ਕੌਰ ਅਤੇ ਆਸ਼ਾ ਵਰਕਰ ਪਰਮਜੀਤ ਕੌਰ ਤੇ ਹੇਮਲਤਾ ਨੇ ਅਹਿਮ ਭੂਮਿਕਾ ਨਿਭਾਈ।

ਸੀਨੀਅਰ ਮੈਡੀਕਲ ਅਫ਼ਸਰ ਡਾ. ਆਨੰਦ ਘਈ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਾਣੀ ਨਾਲ ਸੰਬੰਧਤ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਵਿੱਚ ਸਾਫ-ਸੁਥਰਾ ਵਾਤਾਵਰਣ ਬਣਾਈ ਰੱਖਣ, ਪਾਣੀ ਦੇ ਬਰਤਨ ਢੱਕ ਕੇ ਰੱਖਣ, ਬਿਨਾਂ ਵਰਤੋਂ ਦੇ ਬਰਤਨਾਂ ਵਿੱਚ ਪਾਣੀ ਇਕੱਠਾ ਨਾ ਹੋਣ ਦੇਣ ਅਤੇ ਮੱਛਰਾਂ ਦੀ ਪੈਦਾਵਾਰ ਰੋਕਣ ਲਈ ਚੌਕਸੀ ਵਰਤਣ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਜਾ ਰਹੇ ਸਾਰੇ ਸਹਿਯੋਗ ਦਾ ਸਹੀ ਲਾਭ ਲੋਕਾਂ ਤੱਕ ਉਸੇ ਵੇਲੇ ਪਹੁੰਚ ਸਕਦਾ ਹੈ ਜਦੋਂ ਉਹ ਆਪਣੇ ਪੱਧਰ ‘ਤੇ ਸਾਵਧਾਨੀਆਂ ਨੂੰ ਗੰਭੀਰਤਾ ਨਾਲ ਲੈਣਗੇ। ਬਲਾਕ ਐਕਸਟੈਂਸ਼ਨ ਐਜੂਕੇਟਰ ਸਹਿੱਲ ਸੁਖੇਰਾ ਨੇ ਕਿਹਾ ਕਿ ਹੜ੍ਹ ਤੋਂ ਬਾਅਦ ਪੈਦਾ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਤੋਂ ਬਚਣ ਲਈ ਜਾਗਰੂਕਤਾ ਹੀ ਸਭ ਤੋਂ ਵੱਡਾ ਹਥਿਆਰ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਬੁਖ਼ਾਰ ਜਾਂ ਹੋਰ ਲੱਛਣ ਨਜ਼ਰ ਆਉਣ ਤਾਂ ਤੁਰੰਤ ਸਿਹਤ ਕੇਂਦਰ ਵਿੱਚ ਸੰਪਰਕ ਕਰਕੇ ਇਲਾਜ ਕਰਵਾਇਆ ਜਾਵੇ। ਪਿੰਡ ਆਸਪੁਰ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਵੀ ਇਸ ਮੁਹਿੰਮ ਵਿੱਚ ਸਿਹਤ ਵਿਭਾਗ ਨਾਲ ਪੂਰਾ ਸਹਿਯੋਗ ਦਿੱਤਾ ਅਤੇ ਪਿੰਡ ਵਾਸੀਆਂ ਨੂੰ ਸਿਹਤ ਟੀਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ।