ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸਰੀਰਿਕ ਸਿੱਖਿਆ ਵਿਭਾਗ ਨੇ ਪਿਛਲੇ ਦਿਨੀਂ 'ਰਾਸ਼ਟਰੀ ਖੇਡ ਦਿਵਸ' ਮਨਾਇਆ। ਵਿਭਾਗ ਮੁਖੀ ਡਾ. ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੀ ਯਾਦ ਵਿੱਚ ਮਨਾਏ ਜਾਂਦੇ ਇਸ ਦਿਵਸ ਮੌਕੇ ਇਸ ਵਾਰ ਦ੍ਰੋਣਾਚਾਰੀਆ ਅਵਾਰਡੀ ਸਾਬਕਾ ਭਾਰਤੀ ਬਾਕਸਿੰਗ ਕੋਚ ਗੁਰਬਖ਼ਸ਼ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਅਤੇ ਸਾਬਕਾ ਭਾਰਤੀ ਬਾਸਕਟਬਾਲ ਖਿਡਾਰੀ ਓਲੰਪੀਅਨ ਪ੍ਰੋ. ਤਰਲੋਕ ਸਿੰਘ ਸੰਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨ ਸ੍ਰ. ਗੁਰਬਖ਼ਸ਼ ਸਿੰਘ ਸੰਧੂ ਨੇ ਆਪਣੇ ਪ੍ਰੇਰਨਾਦਾਇਕ ਭਾਸ਼ਣ ਵਿੱਚ ਖੇਡਾਂ ਨਾਲ ਜੁੜੇ ਆਪਣੇ ਅਨੁਭਵ ਸਾਂਝੇ ਕੀਤੇ ਜਿਸ ਨਾਲ਼ ਵਿਦਿਆਰਥੀਆਂ ਨੂੰ ਸਮਰਪਣ ਅਤੇ ਮਿਹਨਤ ਨਾਲ਼ ਆਪਣੇ ਟੀਚੇ ਹਾਸਲ ਕਰਨ ਦੀ ਪ੍ਰੇਰਣਾ ਮਿਲੀ। ਓਲੰਪੀਅਨ ਪ੍ਰੋ. ਤਰਲੋਕ ਸਿੰਘ ਸੰਧੂ ਦੇ ਸ਼ਬਦਾਂ ਨੇ ਵੀ ਨੌਜਵਾਨ ਖਿਡਾਰੀਆਂ 'ਤੇ ਡੂੰਘਾ ਪ੍ਰਭਾਵ ਛੱਡਿਆ। ਇਸ ਮੌਕੇ ਵਿਭਾਗੀ ਹਾਊਸਜ਼ ਵਿਚਕਾਰ ਕਰਵਾਏ ਮਾਰਚ ਪਾਸਟ ਮੁਕਾਬਲੇ ਮੁੱਖ ਆਕਰਸ਼ਣ ਦਾ ਕੇਂਦਰ ਰਹੇ। ਇਸ ਮੁਕਾਬਲੇ ਵਿੱਚ ਧਿਆਨ ਚੰਦ ਹਾਊਸ ਨੇ ਚੈਂਪੀਅਨ ਵਜੋਂ ਜਿੱਤ ਹਾਸਲ ਕੀਤੀ, ਜਦਕਿ ਅਜਮੇਰ ਸਿੰਘ ਹਾਊਸ ਰਨਰ-ਅੱਪ ਰਿਹਾ ਅਤੇ ਮਿਲ੍ਖਾ ਸਿੰਘ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਗੁਬਾਰੇ ਅਤੇ ਕਬੂਤਰ ਛੱਡ ਕੇ ਸ਼ਾਂਤੀ, ਏਕਤਾ ਅਤੇ ਖੇਡ ਭਾਵਨਾ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਗਿਆ।
ਅੰਤ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਵਿਚਕਾਰ ਵਾਲੀਬਾਲ ਮੈਚ ਕਰਵਾਇਆ ਗਿਆ।