ਲੋਕਾਂ ਨੂੰ ਅਫ਼ਵਾਹਾਂ ਤੋਂ ਸਾਵਧਾਨ ਰਹਿਣ ਦੀ ਅਪੀਲ, ਕਿਹਾ, ਅਜੇ ਪਾਣੀ ਚੜ੍ਹਿਆ
ਹੋਇਆ ਲੋਕ ਵਗਦੇ ਪਾਣੀ ਨੇੜੇ ਨਾ ਜਾਣ
ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ, ਨਦੀਆਂ 'ਤੇ 24 ਘੰਟੇ ਨਿਗਰਾਨੀ, ਸਥਿਤੀ ਨਿਯੰਤਰਣ ਹੇਠ
ਪਟਿਆਲਾ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਦੁਪਹਿਰ ਰਾਜਪੁਰਾ ਨੇੜੇ ਪਿੰਡ ਸੁਰ੍ਹੋਂ ਵਿਖੇ ਪੱਚੀਦਰ੍ਹੇ ਦੇ ਮਜ਼ਬੂਤ ਕੀਤੇ ਜਾ ਰਹੇ ਬੰਨ੍ਹਾਂ ਦਾ ਜਾਇਜ਼ਾ ਲਿਆ ਤੇ ਸ਼ਾਮ ਵੇਲੇ ਸਨੌਰੀ ਅੱਡਾ ਤੇ ਦੌਲਤਪੁਰ ਵਿਖੇ ਵੱਡੀ ਨਦੀ ਦਾ ਨਿਰੀਖਣ ਕੀਤਾ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਏ.ਡੀ.ਸੀਜ ਅਮਰਿੰਦਰ ਸਿੰਘ ਟਿਵਾਣਾ ਤੇ ਨਵਰੀਤ ਕੌਰ ਸੇਖੋਂ ਸਮੇਤ ਐਸ.ਡੀ.ਐਮਜ ਅਵਿਕੇਸ਼ ਗੁਪਤਾ, ਕਿਰਪਾਲਵੀਰ ਸਿੰਘ, ਹਰਜੋਤ ਕੌਰ ਮਾਵੀ, ਰਿਚਾ ਗੋਇਲ ਤੇ ਅਸ਼ੋਕ ਕੁਮਾਰ ਦੀ ਦੇਖ-ਰੇਖ ਹੇਠ ਵੱਡੀ ਨਦੀ, ਘੱਗਰ, ਪੱਚੀਦਰ੍ਹਾ, ਟਾਂਗਰੀ, ਮਾਰਕੰਡਾ ਆਦਿ ਦੀ ਰੈਕੀ ਕੀਤੀ ਅਤੇ ਜਿੱਥੇ ਕਿਤੇ ਕਮਜ਼ੋਰੀ ਨਜ਼ਰ ਆਈ, ਉਥੇ ਤੁਰੰਤ ਬਚਾਅ ਕਾਰਜਾਂ ਵਜੋਂ ਬੰਨ੍ਹ ਮਜ਼ਬੂਤ ਕੀਤੇ ਗਏ।
ਡਾ. ਪ੍ਰੀਤੀ ਯਾਦਵ ਨੇ ਇੱਕ ਵਾਰ ਮੁੜ ਤੋਂ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਅਜੇ ਤੱਕ ਸਾਰੀ ਸਥਿਤੀ ਨਿਯੰਤਰਨ ਹੇਠਾਂ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਪਾਣੀ ਚੜ੍ਹਕੇ ਪਿੰਡਾਂ ਦੇ ਖੇਤਾਂ ਵਿੱਚ ਗਿਆ ਸੀ, ਹੁਣ ਉਹ ਘਟ ਰਿਹਾ ਹੈ ਪਰੰਤੂ ਨਦੀਆਂ 'ਚ ਅਜੇ ਵੀ ਪਾਣੀ ਪੂਰੀ ਸਮਰੱਥਾ ਨਾਲ ਉਪਰ ਤੱਕ (ਉਫ਼ਾਨ 'ਤੇ) ਚੱਲ ਰਹੀਆਂ ਹਨ, ਜਿਸ ਲਈ ਆਮ ਲੋਕ ਨਦੀਆਂ ਨੇੜੇ ਨਾ ਜਾਣ। ਪਰੰਤੂ ਮੀਂਹ ਕਰਕੇ ਪਾਣੀ ਵਧਣ, ਕਿਸੇ ਥਾਂ ਨਦੀਆਂ 'ਚ ਪਾਣੀ ਖਾਰ ਪਾ ਰਿਹਾ ਹੋਵੇ ਜਾਂ ਕਿਸੇ ਹੋਰ ਹੰਗਾਮੀ ਸਥਿਤੀ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਦੇ ਫੋਨ ਨੰਬਰਾਂ 0175-2350550 ਤੇ 2358550 'ਤੇ ਤੁਰੰਤ ਸਾਂਝੀ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੇਸ਼ੱਕ ਨਦੀਆਂ ਦੇ ਕੈਚਮੈਂਟ 'ਚ ਪਏ ਭਾਰੀ ਮੀਂਹ ਕਰਕੇ ਨਦੀਆਂ 'ਚ ਪਾਣੀ ਚੜ੍ਹਿਆ ਹੋਇਆ ਹੈ ਜਿਸ ਲਈ ਜਿੱਥੇ ਕਿਤੇ ਚਿਤਾਵਨੀ ਜਾਰੀ ਕਰਨ ਦੀ ਲੋੜ ਹੈ, ਉਥੇ ਲੋਕਾਂ ਨੂੰ ਦੱਸਿਆ ਵੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ, ਇੱਥੋਂ ਤੱਕ ਕਿ ਰਾਹਤ ਸੈਂਟਰਾਂ ਦੇ ਵੀ ਪ੍ਰਬੰਧ ਮੁਕੰਮਲ ਹਨ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਸਾਰੀਆਂ ਟੀਮਾਂ ਗਰਾਊਂਡ ਜ਼ੀਰੋ 'ਤੇ ਕੰਮ ਕਰ ਰਹੀਆਂ ਹਨ।
ਡਾ. ਪ੍ਰੀਤੀ ਯਾਦਵ ਨੇ ਇੱਕ ਫਿਰ ਤੋਂ ਲੋਕਾਂ ਵੱਲੋਂ ਸੂਚਨਾ ਸਾਂਝੀ ਕਰਨ ਸਮੇਤ ਫੋਟੋਆਂ ਤੇ ਵੀਡੀਓਜ਼ ਸਾਂਝੀਆਂ ਕਰਨ ਲਈ ਧੰਨਵਾਦ ਵੀ ਕੀਤਾ, ਜਿਸ ਕਰਕੇ ਪ੍ਰਸ਼ਾਸਨ ਕਿਸੇ ਵੱਡੀ ਹੰਗਾਮੀ ਸਥਿਤੀ ਪੈਦਾ ਹੋਣ ਤੋਂ ਰੋਕ ਸਕਿਆ ਹੈ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਤੇ ਖਾਸ ਕਰਕੇ ਪਟਿਆਲਾ ਸ਼ਹਿਰ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਸੇ ਵੀ ਤਰ੍ਹਾਂ ਦੀ ਅਫ਼ਵਾਹਾਂ ਤੋਂ ਸਾਵਧਾਨ ਰਹਿਣ ਦਾ ਦੁਬਾਰਾ ਸੱਦਾ ਦਿੱਤਾ। ਉਨ੍ਹਾਂ ਗ਼ਲਤ ਤੇ ਤੱਥਾਂ ਤੋਂ ਰਹਿਤ ਫੋਟੋ ਵੀਡੀਓ ਸਾਂਝੀ ਕਰਨ ਦੀ ਕਾਹਲ ਨਾ ਕਰਨ ਲਈ ਲੋਕਾਂ ਨੂੰ ਸੱਦਾ ਦਿੱਤਾ ਕਿ ਅਜਿਹੀ ਕਿਸੇ ਫੋਟੋ ਜਾਂ ਵੀਡੀਓ ਦੀ ਪਹਿਲਾਂ ਪੂਰੀ ਤਰ੍ਹਾਂ ਘੋਖ ਤੇ ਪੁਸ਼ਟੀ ਜਰੂਰ ਕਰ ਲਈ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਡੇਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ ਤੇ ਹੋਰ ਅਧਿਕਾਰੀ ਮੌਜੂਦ ਸਨ।