ਅਹਿਮਦਗੜ੍ਹ : ਜਿਲ੍ਹਾ ਮਾਲੇਰਕੋਟਲਾ ਦੇ ਸ਼ਹਿਰ ਅਹਿਮਦਗੜ੍ਹ ਦਾ ਨਾਮ ਇਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ 'ਤੇ ਗੂੰਜਿਆ।ਅਹਿਮਦਗੜ੍ਹ ਤੋ ਤਾਇਲ ਪਰਿਵਾਰ ਦੀ ਹੋਣਹਾਰ ਬੇਟੀ ਪੁਸ਼ਤੀ ਤਾਇਲ (12 ਸਾਲ) ਨੇ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਚ ਆਯੋਜਿਤ ਕਰਾਟੇ ਓਪਨ ਅੰਤਰਰਾਸ਼ਟਰੀ ਟੂਰਨਾਮੈਂਟ-2025 ਵਿਚ ਸੋਨ ਤਗਮਾ ਜਿੱਤ ਕੇ ਅਹਿਮਦਗੜ੍ਹ ਹੀ ਨਹੀਂ ਸਗੋਂ ਪੂਰੇ ਹਰਿਆਣਾ ਅਤੇ ਭਾਰਤ ਦਾ ਮਾਣ ਵਧਾਇਆ। 28 ਅਗਸਤ ਤੋਂ 31 ਅਗਸਤ ਤੱਕ ਚੱਲੇ ਇਸ ਵਿਸ਼ਵ ਟੂਰਨਾਮੈਂਟ ਵਿਚ ਪੁਸ਼ਤੀ ਨੂੰ ਭਾਰਤੀ ਟੀਮ ਵਿਚ ਚੁਣਿਆ ਗਿਆ ਸੀ। ਦੱਸਣਯੋਗ ਹੈ ਕਿ ਅਹਿਮਦਗੜ੍ਹ ਦੀ ਰਹਿਣ ਵਾਲੀ ਅਤੇ ਇਸ ਸਮੇਂ ਹਰਿਆਣਾ ਦੇ ਯਮੁਨਾਨਗਰ ਵਿਚ ਪੜ੍ਹ ਰਹੀ ਪੁਸ਼ਤੀ ਤਾਇਲ ਬੇਟੀ ਡਾ. ਕੁਸ਼ ਤਾਇਲ ਅਤੇ ਸਨੇਹ ਤਾਇਲ ਨੇ ਅੰਡਰ-14 ਕਰਾਟੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਲਗਾਤਾਰ 8 ਮੈਚ ਜਿੱਤ ਕੇ 55 ਅੰਤਰਰਾਸ਼ਟਰੀ ਖਿਡਾਰੀਆਂ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਇਸ ਮੌਕੇਂ ਵਿਸ਼ੇਸ਼ ਤੌਰ ਤੇ ਵਿਧਾਇਕ ਪ੍ਰੋ ਜਸਵੰਤ ਸਿੰਘ ਗੱਜਣਮਾਜਰਾ ਨੇ ਤਾਇਲ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਸਾਡੇ ਸਮਾਜ ਵਿਚ ਲੜਕੀਆਂ ਵੀ ਕਿਸੇ ਪੱਖੋਂ ਘੱਟ ਨਹੀਂ ਹਨ। ਸਾਨੂੰ ਸਾਡੀਆ ਧੀਆ ਤੇ ਪੁਰਾ ਮਾਣ ਹੈ ਕਿ ਉਹ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ। ਇਸ ਪ੍ਰਾਪਤੀ 'ਤੇ ਕੋਚ ਅਦਿਤੀ ਰਘੁਵੰਸ਼ੀ ਨੇ ਕਿਹਾ ਕਿ ਪੁਸ਼ਤੀ ਤਾਇਲ ਨੇ ਸਖ਼ਤ ਮਿਹਨਤ ਅਤੇ ਲਗਨ ਦੇ ਜ਼ੋਰ 'ਤੇ ਇਹ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ। ਪੁਸ਼ਟੀ ਤਾਇਲ ਦੀ ਜਿੱਤ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਛੋਟੇ ਸ਼ਹਿਰਾਂ ਦੀਆਂ ਧੀਆਂ ਵੀ ਵੱਡੇ ਮੰਚ 'ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕਦੀਆਂ ਹਨ।