ਵਿਧਾਇਕ ਵੱਲੋਂ ਬਾਦਸ਼ਾਹਪੁਰ, ਰਸੌਲੀ, ਰਾਮਪੁਰ ਪੜਤਾ, ਹਰਚੰਦਪੁਰਾ, ਸ਼ੁਤਰਾਣਾ,ਅਰਨੇਟੂ, ਤੇਈਪੁਰ, ਨਾਈਵਾਲ, ਗੁਲਹਾੜ, ਜੋਗੇਵਾਲ, ਸਾਗਰਾ ਤੇ ਮਤੌਲੀ ਦਾ ਐਸ.ਡੀ.ਐਮ, ਡਰੇਨੇਜ ਤੇ ਹੋਰ ਅਧਿਕਾਰੀਆਂ ਨਾਲ ਦੌਰਾ
ਜਲ ਨਿਕਾਸ ਤੇ ਮਾਲ ਵਿਭਾਗ ਨੂੰ ਚੌਕਸ ਰਹਿਣ ਦੀਆਂ ਹਦਾਇਤਾਂ
ਪਟਿਆਲਾ : ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਸ਼ੁਤਰਾਣਾ 'ਚ ਘੱਗਰ ਦਰਿਆ ਦੇ ਵਹਾਅ ਨੇੜਲੇ ਪਿੰਡਾਂ ਬਾਦਸ਼ਾਹਪੁਰ, ਰਸੌਲੀ, ਰਾਮਪੁਰ ਪੜਤਾ, ਹਰਚੰਦਪੁਰਾ, ਅਰਨੇਟੂ, ਤੇਈਪੁਰ, ਸਾਗਰਾ, ਸ਼ੁਤਰਾਣਾ, ਨਾਈਵਾਲ, ਗੁਲਹਾੜ, ਜੋਗੇਵਾਲ ਤੇ ਮਤੌਲੀ ਵਿਖੇ ਨਾਜ਼ੁਕ ਥਾਵਾਂ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜਾ ਲਿਆ। ਇਸ ਮੌਕੇ ਐਸ.ਡੀ.ਐਮ ਪਾਤੜਾਂ ਅਸ਼ੋਕ ਕੁਮਾਰ ਤੇ ਡਰੇਨੇਜ ਵਿਭਾਗ ਦੇ ਐਕਸੀਅਨ ਪ੍ਰਥਮ ਗੰਭੀਰ ਸਮੇਤ ਬੀ.ਡੀ.ਪੀ.ਓ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਪੂਰੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਜਦੋਂਕਿ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੀ ਹਰੇਕ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ ਪਰੰਤੂ ਹਾਲ ਦੀ ਘੜੀ ਅਜਿਹੀ ਕੋਈ ਸਥਿਤੀ ਨਹੀਂ ਹੈ ਤੇ ਸਾਰੇ ਪ੍ਰਬੰਧ ਇਹਤਿਆਤਨ ਕੀਤੇ ਜਾ ਰਹੇ ਹਨ। ਇਸ ਸਮੇਂ ਪਾਣੀ ਕੰਟਰੋਲ ਹੇਠ ਹੈ ਤੇ ਆਸ ਹੈ ਕਿ ਪਾਣੀ ਦਾ ਪੱਧਰ ਆਉਣ ਵਾਲੇ ਸਮੇਂ ਵਿੱਚ ਘੱਟ ਹੋਵੇਗਾ। ਉਨ੍ਹਾਂ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਇਸ ਮੌਕੇ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ।