ਖਨੌਰੀ : ਖਨੌਰੀ ਦੇ ਨਾਲ ਲੱਗਦਾ ਘੱਗਰ ਦਰਿਆ ਲਗਭਗ ਖਤਰੇ ਦੇ ਨਿਸ਼ਾਨ ਤੇ ਚੜ੍ਹਿਆ ਹੋਇਆ ਹੈ ਜਿਸ ਕਾਰਨ ਖਨੌਰੀ ਤੋਂ ਮੂਨਕ ਤੱਕ ਦੇ ਪਿੰਡਾਂ ਦੇ ਲੋਕਾਂ ਦੇ ਸਾਹ ਸੂਕੇ ਹੋਏ ਹਨ ਕਿਉਂਕਿ ਹੜ੍ਹਾ ਦੇ ਦੌਰਾਨ ਘੱਗਰ ਦਰਿਆ ਇਸ ਇਲਾਕੇ ਵਿੱਚ ਵੱਡੀ ਪੱਧਰ ਤੇ ਤਬਾਹੀ ਕਰਦਾ ਹੈ। ਹੜ੍ਹਾਂ ਦੇ ਦੌਰਾਨ ਸਰਕਾਰ ਦੇ ਮੰਤਰੀ ਅਤੇ ਅਧਿਕਾਰੀ ਇਲਾਕੇ ਵਿੱਚ ਪਹੁੰਚ ਕੇ ਮੱਗਰਮਛ ਦੇ ਹੰਝੂ ਵਹਾਉਂਦੇ ਹਨ ਪਰ ਇਸ ਦੇ ਪੱਕੇ ਹੱਲ ਲਈ ਕੋਈ ਵੀ ਸਰਕਾਰ ਧਿਆਨ ਨਹੀਂ ਦਿੰਦੀ। ਇਹ ਵਿਚਾਰ ਬੀਕੇਯੂ ਏਕਤਾ ਅਜਾਦ ਦੇ ਆਗੂ ਰਾਜ ਸਿੰਘ ਥੇੜ੍ਹੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਲਾਕੇ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਪੂਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਪਰ ਦੂਜੇ ਪਾਸੇ ਸਰਕਾਰ ਨੇ ਘੱਗਰ ਦਰਿਆ ਦੇ ਅੰਦਰ ਰੁੱਖ ਲਗਾ ਕੇ ਜੰਗਲ ਬਣਾਉਣਾ ਸ਼ੁਰੂ ਕੀਤਾ ਹੋਇਆ ਹੈ ਜਿਸ ਨਾਲ ਪਾਣੀ ਦੀ ਨਿਕਾਸੀ ਰੁਕ ਜਾਵੇਗੀ ਅਤੇ ਬੰਨ੍ਹ ਟੁੱਟਣ ਦਾ ਕਾਰਨ ਬਣ ਜਾਵੇਗਾ।ਉਨ੍ਹਾਂ ਸਰਕਾਰ ਨੂੰ ਪੁੱਛਣਾ ਚਾਹਿਆ ਕਿ ਸਰਕਾਰ ਵੱਲੋਂ ਜੋ ਜ਼ਮੀਨ 2008 ਦੇ ਦੌਰਾਨ ਘੱਗਰ ਨੂੰ ਚੌੜਾ ਕਰਨ ਲਈ ਐਕੁਆਇਰ ਕੀਤੀ ਗਈ ਸੀ ਉਹ ਜ਼ਮੀਨ ਹੁਣ ਵੱਣ ਵਿਭਾਗ ਨੂੰ ਰੁੱਖ ਲਗਾਉਣ ਲਈ ਕਿਉਂ ਦਿੱਤੀ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਆਗੂ ਸੁਖਦੇਵ ਸ਼ਰਮਾ,ਅਮਨਦੀਪ ਸਿੰਘ ਮੰਡਵੀ, ਜਸਬੀਰ ਸਿੰਘ ਥੇੜ੍ਹੀ,ਗੁਰਬਾਜ ਸਿੰਘ,ਪੱਲਵਿੰਦਰ ਸਿੰਘ, ਜੋਗਾ ਸਿੰਘ ਥੇੜ੍ਹੀ ਹਾਜ਼ਰ ਸਨ।