ਮਹਿਲ ਕਲਾਂ : ਸਥਾਨਕ ਕਸਬਾ ਮਹਿਲ ਕਲਾਂ ਦੇ ਬੀ. ਡੀ. ਪੀ. ਓ. ਦਫਤਰ ਸਾਹਮਣੇ ਅੱਜ ਭਾਈ ਲਾਲੇ ਪੰਜਾਬੀ ਮੰਚ (ਪੰਜਾਬ) ਵੱਲੋਂ ਮਜ਼ਦੂਰ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨਾ ਦਿੱਤਾ ਗਿਆ। ਇਹ ਧਰਨਾ ਆਗੂ ਹਰਜੀਤ ਸਿੰਘ ਖਿਆਲੀ ਦੀ ਅਗਵਾਈ ਹੇਠ ਲਾਇਆ ਗਿਆ, ਜਿਸ 'ਚ ਨਰੇਗਾ ਮਜ਼ਦੂਰਾਂ ਸਮੇਤ ਇਲਾਕੇ ਦੇ ਕਈ ਪਿੰਡਾਂ ਦੇ ਲੋਕ ਵੱਡੀ ਗਿਣਤੀ 'ਚ ਸ਼ਾਮਲ ਹੋਏ। ਮਜ਼ਦੂਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਧਰਨੇ ਦੌਰਾਨ ਹਰਜੀਤ ਸਿੰਘ ਖਿਆਲੀ ਨੇ ਕਿਹਾ ਕਿ ਹਲਕਾ ਮਹਿਲ ਕਲਾਂ ਦੇ ਪਿੰਡਾਂ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਮਜ਼ਦੂਰਾਂ ਦੇ ਘਰ ਬੁਰੀ ਤਰ੍ਹਾਂ ਤਰ੍ਹਾਂ ਨੁਕਸਾਨੇ ਹੋਏ ਹਨ। ਘਰਾਂ ਦੀਆਂ ਛੱਤਾਂ ਤੇ ਕੰਧਾਂ ਢਹਿ ਗਈਆਂ ਹਨ ਪਰ ਸਰਕਾਰ ਤੇ ਅਧਿਕਾਰੀ ਸਿਰਫ ਕਾਗਜ਼ਾਂ ਦਾ ਢਿੱਡ ਭਰ ਰਹੇ ਹਨ।ਮਜ਼ਦੂਰਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਮੀਂਹ ਕਾਰਨ ਡਿੱਗੇ ਘਰਾਂ ਲਈ ਘੱਟੋ-ਘੱਟ 2,50,000 ਰੁਪਏ ਮੁਆਵਜ਼ਾ, ਜਿਨ੍ਹਾਂ ਘਰਾਂ ਦੀਆਂ ਛੱਤਾਂ ਚੋਅ ਰਹੀਆਂ ਹਨ, ਉਨ੍ਹਾਂ ਲਈ 1,50,000 ਰੁਪਏ ਮੁਆਵਜ਼ਾ, ਫਸਲ ਨੁਕਸਾਨ ਲਈ ਪ੍ਰਤੀ ਏਕੜ 60,000 ਰੁਪਏ ਮੁਆਵਜ਼ਾ, ਨਰੇਗਾ ਮਜ਼ਦੂਰਾਂ ਦੀ ਬਕਾਇਆ ਰਕਮ ਜਲਦੀ ਜਾਰੀ ਕੀਤੀ ਜਾਵੇ, ਰੁਕੇ ਹੋਏ ਨਰੇਗਾ ਕੰਮ ਤੁਰੰਤ ਸ਼ੁਰੂ ਕੀਤੇ ਜਾਣ।
ਇਸ ਮੌਕੇ ਪੁਲਸ ਥਾਣਾ ਮਹਿਲ ਕਲਾਂ ਦੇ ਮੁੱਖ ਅਧਿਕਾਰੀ ਸ਼ੇਰਵਿੰਦਰ ਸਿੰਘ ਔਲਖ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਮਜ਼ਦੂਰਾਂ ਤੋਂ ਮੰਗ ਪੱਤਰ ਪ੍ਰਾਪਤ ਕਰ ਕੇ ਭਰੋਸਾ ਦਿਵਾਇਆ ਕਿ ਇਹ ਐਸ.ਡੀ.ਐਮ. ਮਹਿਲ ਕਲਾਂ ਤੱਕ ਪੁਚਾਇਆ ਜਾਵੇਗਾ। ਮਜ਼ਦੂਰ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਧਰਨਾ ਸਮਾਗਮ ਦੌਰਾਨ ਬਲਾਕ ਪ੍ਰਧਾਨ ਬਲਦੇਵ ਸਿੰਘ ਸਹਿਜੜਾ ਨੇ ਧਰਨੇ 'ਚ ਪਹੁੰਚੇ ਮਜ਼ਦੂਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਮੇਜਰ ਸਿੰਘ, ਜੀਤ ਸਿੰਘ, ਕਰਨੈਲ ਸਿੰਘ, ਨਸੀਬ ਕੌਰ, ਪਰਮਜੀਤ ਕੌਰ ਸਹੋਰ, ਜੱਸੀ ਸਿੰਘ, ਜਗਸੀਰ ਸਿੰਘ, ਰਮਨਦੀਪ ਕੌਰ, ਗੁਰਪ੍ਰੀਤ ਕੌਰ, ਜਗਸ਼ੀਰ ਸਿੰਘ ਖਿਆਲੀ, ਮਹਿੰਦਰ ਕੌਰ, ਪਾਲ ਸਿੰਘ, ਗੁਰਪ੍ਰੀਤ ਸਿੰਘ ਸਹਿਜੜਾ, ਲਾਭਸਿੰਘ ਵਜੀਦਕੇ, ਅਮਰਜੀਤ ਸਿੰਘ ਮਹਿਲ ਖੁਰਦ, ਉਗਰਾਹਾ ਦੇ ਆਗੂ ਸੁਖਵਿੰਦਰ ਸਿੰਘ ਕਾਲਾ ਮਹਿਲ ਕਲਾਂ ਸਮੇਤ ਵੱਡੀ ਗਿਣਤੀ 'ਚ ਮਜ਼ਦੂਰ ਮੌਜੂਦ ਸਨ।