ਮੁਰਗੀ ਤੇ ਬੱਕਰੀ ਮਰੀ ਦੇ ਮੁਆਵਜ਼ੇ ਨੂੰ ਉਡੀਕ ਰਿਹਾ ਅੰਨਦਾਤਾ
ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਸੂਬੇ ਅੰਦਰ ਹੜ੍ਹਾਂ ਨਾਲ ਹੋਏ ਫ਼ਸਲਾਂ ਅਤੇ ਘਰਾਂ ਦੇ ਨੁਕਸਾਨ ਲਈ ਭਗਵੰਤ ਮਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਅਗਾਊਂ ਪ੍ਰਬੰਧ ਨਾ ਕੀਤੇ ਜਾਣ ਕਰਕੇ ਸੂਬੇ ਨੂੰ ਵੱਡੀ ਮਾਰ ਝੱਲਣੀ ਪੈ ਰਹੀ ਹੈ। ਕੁਦਰਤੀ ਮਾਰਾਂ ਕਰਕੇ ਕਿਸਾਨੀ ਦਾ ਪਹਿਲਾਂ ਹੀ ਆਰਥਿਕ ਤੌਰ ਤੇ ਲੱਕ ਟੁੱਟ ਚੁੱਕਿਆ ਹੈ , ਸਰਕਾਰ ਵੱਲੋ ਕਿਸਾਨਾਂ ਦੇ ਜਖਮਾਂ ਉੱਪਰ ਮੱਲਮ ਲਗਾਉਣ ਦੀ ਬਜਾਏ ਸਿਰਫ ਫੋਕੀ ਬਿਆਨਬਾਜੀ ਕਰਕੇ ਹੀ ਪੀੜਤ ਲੋਕਾਂ ਦੇ ਜਖਮਾਂ ਉੱਪਰ ਲੂਣ ਛਿੜਕਿਆ ਜਾ ਰਿਹਾ। ਐਤਵਾਰ ਨੂੰ ਜਾਰੀ ਬਿਆਨ ਵਿੱਚ ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਦੋ ਸਾਲ ਪਹਿਲਾਂ ਹੜ੍ਹਾਂ ਨਾਲ ਹੋਏ ਨੁਕਸਾਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹਾਂ ਕਾਰਨ ਮੁਰਗੀ ਅਤੇ ਬੱਕਰੀ ਮਰੀ ਦੇ ਮੁਆਵਜ਼ੇ ਦਾ ਐਲਾਨ ਕੀਤਾ ਸੀ ਜਿਸ ਨੂੰ ਅੰਨਦਾਤਾ ਬੇਸਬਰੀ ਨਾਲ ਉਡੀਕ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਮੌਸਮ ਬਾਰੇ ਪਹਿਲਾਂ ਹੀ ਜਾਣਕਾਰੀ ਮੌਸਮ ਵਿਭਾਗ ਕੋਲ ਆ ਜਾਂਦੀ ਹੈ ਫੇਰ ਜਦੋਂ ਸਰਕਾਰ ਕੋਲ ਇਹ ਜਾਣਕਾਰੀ ਸੀ ਕਿ ਇਸ ਸਾਲ ਇੰਨੀ ਜਿਆਦਾ ਮਾਤਰਾ ਵਿੱਚ ਬਰਸਾਤਾਂ ਪੈਣਗੀਆਂ ਹਨ ਤਾਂ ਫਿਰ ਸਰਕਾਰ ਵੱਲੋਂ ਡੈਮਾਂ ਵਿੱਚੋਂ ਪਹਿਲਾਂ ਹੀ ਥੋੜਾ ਥੋੜਾ ਕਰਕੇ ਪਾਣੀ ਨੂੰ ਦਰਿਆਵਾਂ ਵਿੱਚ ਕਿਉਂ ਨਹੀਂ ਛੱਡਿਆ ਗਿਆ, ਜੇਕਰ ਸਰਕਾਰ ਸਮਾਂ ਰਹਿੰਦਿਆਂ ਦਰਿਆਵਾਂ ਅਤੇ ਨਹਿਰਾਂ ਰਾਹੀਂ ਪਾਣੀ ਦੀ ਨਿਕਾਸੀ ਕਰਦੀਆਂ ਤਾਂ ਫਿਰ ਪੰਜਾਬ ਦਾ ਉਜਾੜਾ ਇਸ ਤਰਾਂ ਕਦੇ ਵੀ ਨਹੀਂ ਹੋਣਾ ਸੀ, ਸਰਕਾਰਾਂ ਵੱਲੋਂ ਡੈਮਾਂ ਨੂੰ ਖਤਰੇ ਨਿਸ਼ਾਨ ਦੇ ਨੇੜੇ ਤੱਕ ਭਰ ਕੇ ਫੇਰ ਪਾਣੀ ਨੂੰ ਦਰਿਆਵਾਂ ਵਿੱਚ ਵੱਡੀ ਮਾਤਰਾ ਵਿੱਚ ਛੱਡਣ ਦੇ ਕਾਰਨ ਹੀ ਇਹ ਹੜ੍ਹ ਆਏ ਹਨ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਮੰਗ ਕੀਤੀ ਹੈ ਕਿ ਸਰਕਾਰ ਸਬੰਧਿਤ ਪੀੜਤ ਕਿਸਾਨਾਂ ਨੂੰ 70 ਹਜਾਰ ਰੁਪਏ ਪ੍ਰਤੀ ਏਕੜ ਫਸਲ ਦਾ ਮੁਆਵਜ਼ਾ ਅਤੇ ਨੁਕਸਾਨੇ ਗਏ ਪਸ਼ੂ ਧਨ ਅਤੇ ਘਰਾਂ ਦਾ ਮੁਆਵਜ਼ਾ ਅਤੇ ਮਜ਼ਦੂਰ ਭਾਈਚਾਰੇ ਦੇ ਹੋਏ ਘਰਾਂ ਤੇ ਮਾਲ ਡੰਗਰ ਤੇ ਹੋਏ ਨੁਕਸਾਨ ਦਾ ਮੁਆਵਜ਼ਾ ਤੁਰੰਤ ਜਾਰੀ ਕਰੇ।