ਰੂਪਨਗਰ : ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਸਮੇਂ ਸਿਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵੱਖ-ਵੱਖ ਯਤਨ ਕੀਤੇ ਜਾ ਰਹੇ ਹਨ। ਇਸ ਕੜੀ ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਅਤੇ ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਦੀ ਹਦਾਇਤਾਂ ਅਨੁਸਾਰ ਸਿਹਤ ਅਧਿਕਾਰੀਆਂ ਵੱਲੋਂ ਨਿਯਮਿਤ ਤੌਰ ‘ਤੇ ਫੀਲਡ ਦੌਰੇ ਕੀਤੇ ਜਾ ਰਹੇ ਹਨ। ਇਸ ਸਿਲਸਿਲੇ ਵਿੱਚ ਜ਼ਿਲ੍ਹਾ ਪਰਿਵਾਰ ਨਿਯੋਜਨ ਅਧਿਕਾਰੀ ਡਾ. ਸਵੱਪਨਜੀਤ ਕੌਰ ਨੇ ਸਿਹਤ ਟੀਮ ਸਮੇਤ ਪਿੰਡ ਸਲੋਰਾ ਅਤੇ ਹੋਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਸੈਨਿਟਰੀ ਇੰਸਪੈਕਟਰ ਵਿਵੇਕ ਕੁਮਾਰ, ਹੈਲਥ ਵਰਕਰ ਪ੍ਰਿੰਸ ਵਰਮਾ ਅਤੇ ਆਸ਼ਾ ਵਰਕਰ ਪਰਮਜੀਤ ਕੌਰ ਵੀ ਹਾਜ਼ਿਰ ਰਹੇ। ਦੌਰੇ ਦੌਰਾਨ ਪਿੰਡ ਸਲੋਰਾ ਦੇ ਸਰਪੰਚ ਸ਼੍ਰੀ ਜਗਜੀਤ ਸਿੰਘ ਨੇ ਵੀ ਸਿਹਤ ਟੀਮ ਨਾਲ ਮਿਲ ਕੇ ਪਿੰਡ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪਿੰਡ ਵਾਸੀਆਂ ਵੱਲੋਂ ਸਿਹਤ ਵਿਭਾਗ ਦੇ ਕੰਮਾਂ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
ਟੀਮ ਵੱਲੋਂ ਪਿੰਡ ਵਾਸੀਆਂ ਨੂੰ ਸਿਹਤ ਸੇਵਾਵਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਇਹ ਵੀ ਜਾਚਿਆ ਗਿਆ ਕਿ ਹੜ੍ਹ ਦੀ ਸਥਿਤੀ ਦੌਰਾਨ ਕਿਹੜੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ। ਡਾ. ਨਵਰੂਪ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਹੜ੍ਹ ਸਮੇਂ ਲੋਕਾਂ ਲਈ ਤੇਜ਼ ਕਾਰਵਾਈ ਲਈ ਯੋਜਨਾ ਤਿਆਰ ਹੈ, ਤਾਂ ਜੋ ਪਾਣੀ ਨਾਲ ਸੰਬੰਧਿਤ ਬਿਮਾਰੀਆਂ ਜਿਵੇਂ ਕਿ ਡਾਇਰੀਆ, ਟਾਇਫਾਇਡ, ਹੈਪਾਟਾਈਟਿਸ-ਏ ਅਤੇ ਮਲੇਰੀਆ ਆਦਿ ਤੋਂ ਬਚਾਅ ਕੀਤਾ ਜਾ ਸਕੇ। ਇਸ ਮੌਕੇ ਜ਼ਿਲ੍ਹਾ ਪਰਿਵਾਰ ਨਿਯੋਜਨ ਅਧਿਕਾਰੀ ਡਾ. ਸਵਪਨਜੀਤ ਕੌਰ ਨੇ ਕਿਹਾ ਕਿ ਹੜ੍ਹ ਸਮੇਂ ਲੋਕਾਂ ਲਈ ਸਾਫ਼ ਪੀਣ ਵਾਲਾ ਪਾਣੀ ਅਤੇ ਸਹੀ ਸਫ਼ਾਈ ਸਭ ਤੋਂ ਵੱਡੀ ਲੋੜ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਓ.ਆਰ.ਐਸ ਪੈਕੇਟ, ਜਰੂਰੀ ਦਵਾਈਆਂ, ਮੱਛਰਦਾਨੀਆਂ ਅਤੇ ਹੋਰ ਜ਼ਰੂਰੀ ਸਾਧਨ ਪਹਿਲਾਂ ਹੀ ਉਪਲਬਧ ਕਰਵਾ ਦਿੱਤੇ ਗਏ ਹਨ। ਡਾ. ਸਵਪਨਜੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੀ ਸਫਾਈ ਵੱਲ ਧਿਆਨ ਦੇਣ ਅਤੇ ਬੰਦ ਪਾਣੀ ਵਿੱਚ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਸਹਿਯੋਗ ਕਰਨ।
ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ ਨੇ ਕਿਹਾ ਕਿ ਹੜ੍ਹ ਦੇ ਸਮੇਂ ਸਿਹਤ ਸੇਵਾਵਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣਾ ਸਾਡੀ ਪਹਿਲੀ ਤਰਜੀਹ ਹੈ। ਉਨ੍ਹਾਂ ਨੇ ਕਿਹਾ ਕਿ ਬਲਾਕ ਭਰਤਗੜ੍ਹ ਵੱਲੋਂ ਇੱਕ ਰੈਪਿਡ ਰਿਸਪਾਂਸ ਟੀਮ ਤਿਆਰ ਕੀਤੀ ਗਈ ਹੈ ਜੋ ਕਿਸੇ ਵੀ ਐਮਰਜੈਂਸੀ ਵਿੱਚ ਤੁਰੰਤ ਕਾਰਵਾਈ ਕਰਨ ਲਈ ਸਦਾ ਤਿਆਰ ਰਹੇਗੀ। ਡਾ. ਘਈ ਨੇ ਕਿਹਾ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਿਹਤ ਵਰਕਰਾਂ, ਆਸ਼ਾ ਵਰਕਰਾਂ ਅਤੇ ਸੈਨਿਟਰੀ ਟੀਮਾਂ ਵੱਲੋਂ ਜਾਗਰੂਕਤਾ ਪ੍ਰੋਗਰਾਮ ਨਿਯਮਿਤ ਤੌਰ 'ਤੇ ਚਲਾਏ ਜਾ ਰਹੇ ਹਨ। ਟੀਮ ਵੱਲੋਂ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਜੇਕਰ ਹੜ੍ਹ ਦੀ ਸਥਿਤੀ ਬਣਦੀ ਹੈ ਤਾਂ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ, ਤੁਰੰਤ ਇਲਾਜ ਅਤੇ ਹੋਰ ਸਹੂਲਤਾਂ ਬਿਨਾਂ ਕਿਸੇ ਰੁਕਾਵਟ ਦੇ ਮੁਹੱਈਆ ਕਰਵਾਈਆਂ ਜਾਣਗੀਆਂ।