ਸਿਹਤ ਵਿਭਾਗ ਦੇ ਸਟਾਫ਼ ਨੂੰ ਨਸ਼ੇ ਦੇ ਕਾਰਨ, ਇਲਾਜ ਤੇ ਕਾਊਂਸਲਿੰਗ ਸਬੰਧੀ ਦਿੱਤੀ ਜਾ ਰਹੀ ਹੈ ਸਿਖਲਾਈ : ਡਾ. ਬਲਬੀਰ ਸਿੰਘ
ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸੂਬਾ ਸਰਕਾਰ ਵਚਨਬੱਧ : ਸਿਹਤ ਮੰਤਰੀ
ਪਟਿਆਲਾ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੇ ਸਟਾਫ਼ ਨੂੰ ਨਸ਼ਾ ਪੀੜਤਾਂ ਦੇ ਇਲਾਜ ਲਈ ਇਕਸਾਰ ਵਿਧੀ ਅਪਣਾਉਣ ਲਈ ਸੂਬੇ ਭਰ ਵਿੱਚ ਸਿਖਲਾਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤਾਂ ਜੋ ਨਸ਼ਾ ਛੱਡਣ ਵਾਲੇ ਵਿਅਕਤੀ ਨੂੰ ਭਾਵੇਂ ਉਹ ਸੂਬੇ ਦੇ ਕਿਸੇ ਵੀ ਕੋਨੇ ਵਿੱਚ ਰਹਿੰਦਾ ਹੋਵੇ, ਉਹ ਹੀ ਇਲਾਜ ਮਿਲੇ ਜੋ ਕਿਸੇ ਵੱਡੀ ਹਸਪਤਾਲ ਵਿੱਚ ਦਿੱਤਾ ਜਾ ਰਿਹਾ ਹੈ। ਇਹ ਪ੍ਰਗਟਾਵਾਂ ਡਾ. ਬਲਬੀਰ ਸਿੰਘ ਨੇ ਅੱਜ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਮੈਡੀਕਲ ਅਫ਼ਸਰਾਂ ਦੀ ਸਮਰੱਥਾ ਨਿਰਮਾਣ ਸਿਖਲਾਈ (ਨਸ਼ਾ ਪੀੜਤਾਂ ਦੇ ਇਲਾਜ ਲਈ ਅਗਲੇ ਪੱਧਰ ਦੀ ਸਿਖਲਾਈ) ਦੇ ਸਮਾਪਤੀ ਸਮਾਰੋਹ ਮੌਕੇ ਕੀਤਾ। ਉਨ੍ਹਾਂ ਮੈਡੀਕਲ ਅਫ਼ਸਰਾਂ ਅਤੇ ਮਾਹਿਰਾਂ ਦੀ ਵਚਨਬੱਧਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਮੂਹਿਕ ਯਤਨ 'ਇੱਕ ਸਿਹਤਮੰਦ ਅਤੇ ਨਸ਼ਾ ਮੁਕਤ ਪੰਜਾਬ' ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਇਹ ਸਿਖਲਾਈ ਪ੍ਰੋਗਰਾਮ ਅਨੰਨਿਆ ਬਿਰਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਲ ਇੰਡੀਆ ਇੰਸਟਚਿਊਟ ਆਫ਼ ਮੈਡੀਕਲ ਸਾਇੰਸਜ਼, ਪੀ ਜੀ ਆਈ ਚੰਡੀਗੜ੍ਹ, ਆਈਆਈਟੀ ਰੋਪੜ ਅਤੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਮੁੰਬਈ ਜਿਹੀਆਂ ਪ੍ਰਮੁੱਖ ਰਾਸ਼ਟਰੀ ਸੰਸਥਾਵਾਂ ਦੁਆਰਾ ਸਮਰੱਥ, ਇਹ ਯੂਨਿਟ ਰਾਜ ਭਰ ਵਿੱਚ ਨਿਰਵਿਘਨ ਤਕਨੀਕੀ ਸਹਾਇਤਾ ਅਤੇ ਜ਼ਮੀਨੀ ਅਮਲ ਨੂੰ ਯਕੀਨੀ ਬਣਾਉਣ ਲਈ ਇੱਕ ਹੱਬ-ਐਂਡ-ਸਪੋਕ ਮਾਡਲ ਦੀ ਤਰ੍ਹਾਂ ਕੰਮ ਕਰਦਾ ਹੈ।
ਇਸ ਮੌਕੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਆਰ.ਪੀ.ਐਸ ਸਿਬੀਆ, ਮੈਡੀਕਲ ਸੁਪਰਡੈਂਟ ਸਰਕਾਰੀ ਰਜਿੰਦਰਾ ਹਸਪਤਾਲ ਵਿਸ਼ਾਲ ਚੋਪੜਾ, ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ, ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਡਾ. ਰਜਨੀਸ਼ ਸਮੇਤ ਸੰਗਰੂਰ, ਮਾਨਸਾ ਦੇ ਮੈਡੀਕਲ ਅਫ਼ਸਰ ਵੀ ਮੌਜੂਦ ਸਨ।