ਮਹਿਲ ਕਲਾਂ : ਪਿੰਡ ਗੁਰਮ ਵਿੱਚ ਦੋ ਧਿਰਾਂ ਵਿਚਕਾਰ ਹੋਈ ਕੁੱਟਮਾਰ ਦੀ ਘਟਨਾ ਨੇ ਰਾਜਨੀਤਕ ਰੰਗ ਧਾਰ ਲਿਆ ਹੈ। ਕਾਂਗਰਸ ਆਗੂ ਬੰਨੀ ਖਹਿਰਾ ਅਤੇ ਬਲਾਕ ਪ੍ਰਧਾਨ ਜਸਮੇਲ ਸਿੰਘ ਬੜੀ ਦੀ ਅਗਵਾਈ ਹੇਠ ਇਕ ਵਫ਼ਦ ਨੇ ਠੁੱਲੀਵਾਲ ਥਾਣੇ ਪਹੁੰਚ ਕੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਕਾਂਗਰਸੀ ਆਗੂਆਂ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਧਿਰ ਦੇ ਦਬਾਅ ਹੇਠ ਯੂਥ ਕਾਂਗਰਸ ਬਲਾਕ ਪ੍ਰਧਾਨ ਨਵਦੀਪ ਸਿੰਘ ਨੰਨੂ ਅਤੇ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ, ਪ੍ਰਸਿੱਧ ਕਬੱਡੀ ਕੋਚ ਭਰਥ ਦਾਸ ਗੁਰਮ ਉਪਰ ਨਜਾਇਜ਼ ਪਰਚਾ ਦਰਜ ਕੀਤਾ ਗਿਆ ਹੈ। ਖਹਿਰਾ ਤੇ ਬੜੀ ਨੇ ਸਾਫ਼ ਕੀਤਾ ਕਿ ਜੇ 48 ਘੰਟਿਆਂ ਦੇ ਅੰਦਰ ਅੰਦਰ ਇਹ ਪਰਚਾ ਰੱਦ ਨਾ ਕੀਤਾ ਗਿਆ ਤਾਂ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਲੋਂ ਤਿੱਖੇ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇਗੀ।ਠੁੱਲੀਵਾਲ ਥਾਣੇ ਦੇ ਏ.ਐਸ.ਆਈ. ਅਮਰਜੀਤ ਸਿੰਘ ਨੇ ਕਿਹਾ ਕਿ ਪਹਿਲੀ ਧਿਰ ਵਲੋਂ ਦਿੱਤੀ ਸ਼ਿਕਾਇਤ ‘ਤੇ ਹੀ ਪਰਚਾ ਦਰਜ ਕੀਤਾ ਗਿਆ ਸੀ, ਪਰ ਅੱਜ ਕਾਂਗਰਸੀ ਆਗੂਆਂ ਵਲੋਂ ਵਿਸਥਾਰ ਨਾਲ ਲਿਖਤੀ ਬਿਆਨ ਦਰਜ ਕਰਵਾਏ ਜਾਣ ਉਪਰੰਤ ਦੂਜੇ ਪਾਸੇ ਉਪਰ ਵੀ ਪਰਚਾ ਦਰਜ ਕਰ ਦਿੱਤਾ ਗਿਆ ਹੈ। ਇਸ ਘਟਨਾ ਬਾਰੇ ਪਿੰਡ ਅਤੇ ਇਲਾਕੇ ਵਿੱਚ ਵੱਖ-ਵੱਖ ਚਰਚਾਵਾਂ ਦਾ ਦੌਰ ਜਾਰੀ ਹੈ ਕਿਉਂਕਿ ਦੋਸ਼ ਲਗਾਇਆ ਜਾ ਰਿਹਾ ਹੈ ਕਿ ਕੁਝ ਲੋਕ ਜਾਣ-ਬੁੱਝ ਕੇ ਮਾਮਲੇ ਨੂੰ ਗਲਤ ਰੂਪ ਦੇ ਕੇ ਹੱਲਾ-ਸ਼ੇਰੀ ਕਰ ਰਹੇ ਹਨ। ਬੰਨੀ ਖਹਿਰਾ ਨੇ ਕਿਹਾ ਕਿ, “ਸਾਡੇ ਵਰਕਰਾਂ ਨਾਲ ਨਾਈਨਸਾਫ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਨਿਰਪੱਖ ਕਾਰਵਾਈ ਨਾ ਹੋਈ ਤਾਂ ਕਾਂਗਰਸ ਪਾਰਟੀ ਸੜਕਾਂ ਉਤਰ ਕੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰੇਗੀ।”