ਸੁਨਾਮ : ਨੌਜਵਾਨ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਹਲਕਾ ਭਦੌੜ ਦੇ ਕੋਆਰਡੀਨੇਟਰ ਐਡਵੋਕੇਟ ਗੁਰਤੇਗ ਸਿੰਘ ਲੌਂਗੋਵਾਲ ਨੇ ਹਲਕਾ ਸੁਨਾਮ ਦੇ ਪਿੰਡਾਂ ਵਿੱਚ ਮੀਂਹ ਨਾਲ ਹੋਏ ਫ਼ਸਲਾਂ ਅਤੇ ਘਰਾਂ ਦੇ ਨੁਕਸਾਨ ਤੋਂ ਪੀੜਤ ਪਰਿਵਾਰਾਂ ਨੂੰ ਮਿਲਕੇ ਉਨ੍ਹਾਂ ਦਾ ਦਰਦ ਜਾਣਿਆ। ਲੌਂਗੋਵਾਲ ਵਿਖੇ ਡਰੇਨ ਦਾ ਪਾਣੀ ਓਵਰਫਲੋ ਹੋਕੇ ਫਸਲਾਂ ਵਿਚ ਦਾਖਲ ਹੋਣ ਨਾਲ ਕਰੀਬ ਡੇਢ ਸੌ ਏਕੜ ਰਕਬੇ ਵਿੱਚ ਝੋਨੇ ਦੀ ਫ਼ਸਲ ਖ਼ਰਾਬ ਹੋ ਗਈ ਹੈ ਅਤੇ ਪਿੰਡ ਤੋਲਾਵਾਲ ਵਿਖੇ ਸੱਤ ਮਜ਼ਦੂਰ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਬਰਸਾਤੀ ਪਾਣੀ ਕਾਰਨ ਡਿੱਗ ਗਈਆਂ ਸਨ। ਯੂਥ ਕਾਂਗਰਸ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਐਡਵੋਕੇਟ ਗੁਰਤੇਗ ਸਿੰਘ ਲੌਂਗੋਵਾਲ ਨੇ ਆਖਿਆ ਕਿ ਆਪਣੀਆਂ ਅੱਖਾਂ ਸਾਹਮਣੇ ਘਰ ਡਿੱਗਦੇ ਵੇਖਣ ਦਾ ਦਰਦ, ਤੇ ਖੇਤਾਂ ‘ਚ ਖੜ੍ਹੀ ਫਸਲ ਪਾਣੀ ਹੇਠਾਂ ਡੁੱਬਦੀ ਵੇਖਣ ਦਾ ਦੁੱਖ ਸਿਰਫ਼ ਤੋਲਾਵਾਲ ਪਿੰਡ ਦਾ ਹੀ ਨਹੀਂ, ਸਗੋਂ ਹਰ ਇਨਸਾਨ ਦੇ ਦਿਲ ਦੀ ਪੀੜ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਲਗਾਤਾਰ ਦੋ ਦਿਨ ਹੋਈ ਭਾਰੀ ਬਰਸਾਤ ਕਾਰਨ ਪਿੰਡ ਤੋਲਾਵਾਲ ਵਿਖੇ ਕਿਰਤੀ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਨੁਕਸਾਨੀਆਂ ਗਈਆਂ ਅਤੇ ਕਈ ਪਰਿਵਾਰਾਂ ਦੇ ਘਰ ਬਿਲਕੁਲ ਤਬਾਹ ਹੋ ਗਏ ਹਨ। ਉਨ੍ਹਾਂ ਆਖਿਆ ਕਿ ਹਲਕੇ ਦੇ ਪਿੰਡਾਂ ਵਿੱਚ ਮੀਂਹ ਨਾਲ ਫਸਲਾਂ ਅਤੇ ਘਰਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਸਰਕਾਰ ਤੁਰੰਤ ਕਦਮ ਚੁੱਕਣ ਨੂੰ ਯਕੀਨੀ ਬਣਾਵੇ ਤਾਂ ਜੋ ਬੇਘਰ ਹੋਏ ਲੋਕ ਆਪਣੇ ਬੱਚਿਆਂ ਸਮੇਤ ਆਪਣੇ ਘਰਾਂ ਵਿੱਚ ਬਸੇਰਾ ਕਰ ਸਕਣ। ਉਨ੍ਹਾਂ ਆਖਿਆ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਸਾਲ ਪਹਿਲਾਂ ਘੱਗਰ ਦੀ ਮਾਰ ਹੇਠ ਆਏ ਕਿਸਾਨਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ ਲੇਕਿਨ ਅੱਜ ਤੱਕ ਕਿਸੇ ਕਿਸਾਨ ਨੂੰ ਇੱਕ ਧੇਲਾ ਵੀ ਨਹੀਂ ਮਿਲਿਆ। ਨੌਜਵਾਨ ਕਾਂਗਰਸੀ ਆਗੂ ਲੌਂਗੋਵਾਲ ਨੇ ਆਖਿਆ ਕਿ ਸੂਬੇ ਦੀ ਸਰਕਾਰ ਨੇ ਇਲਾਕੇ ਵਿੱਚ ਬਰਸਾਤੀ ਨਾਲਿਆਂ ਦੀ ਸਫ਼ਾਈ ਨਹੀਂ ਕਰਵਾਈ ਜਿਸ ਕਾਰਨ ਪਾਣੀ ਓਵਰਫਲੋ ਹੋਕੇ ਖੇਤਾਂ ਵਿੱਚ ਜਾ ਵੜਿਆ ਅਜਿਹੇ ਹਾਲਾਤ ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵਿਖੇ ਵੀ ਸਾਹਮਣੇ ਆ ਰਹੇ ਹਨ।