ਕਿਹਾ ਮੀਂਹ ਦੇ ਪਾਣੀ ਨਾਲ ਫਸਲਾਂ ਤੇ ਘਰਾਂ ਦੇ ਹੋਏ ਨੁਕਸਾਨ ਦੀ ਆਕੇ ਨਹੀਂ ਲਈ ਸਾਰ
ਪ੍ਰਸ਼ਾਸਨਿਕ ਅਧਿਕਾਰੀਆਂ ਸਹਾਰੇ ਛੱਡਿਆ ਹਲਕਾ ਸੁਨਾਮ
ਸੁਨਾਮ : ਭਾਜਪਾ ਜ਼ਿਲ੍ਹਾ ਸੰਗਰੂਰ -2 ਦੀ ਪ੍ਰਧਾਨ ਦਾਮਨ ਥਿੰਦ ਬਾਜਵਾ ਨੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਾਮ ਖੁੱਲ੍ਹਾ ਪੱਤਰ ਲਿਖਕੇ ਪਿਛਲੇ ਚਾਰ ਦਿਨਾਂ ਤੋਂ ਹਲਕੇ ਵਿੱਚੋਂ ਗ਼ੈਰਹਾਜ਼ਰ ਰਹਿਣ ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਲਿਖਿਆ ਕਿ ਲਗਾਤਾਰ ਤਿੰਨ ਦਿਨ ਹੋਈ ਜ਼ੋਰਦਾਰ ਬਰਸਾਤ ਕਾਰਨ ਪੰਜਾਬ ਸਮੇਤ ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਵਿੱਚ ਕਿਸਾਨਾਂ ਦੀਆਂ ਫਸਲਾਂ ਤੇ ਘਰਾਂ ਦਾ ਵੱਡਾ ਨੁਕਸਾਨ ਹੋਇਆ ਹੈ ਬਾਵਜੂਦ ਇਸਦੇ ਹਲਕੇ ਦੀ ਨੁਮਾਇੰਦਗੀ ਕਰਨ ਤੋਂ ਇਲਾਵਾ ਮੰਤਰੀ ਹੋਣ ਦੇ ਨਾਤੇ ਲੋਕਾਂ ਦੀ ਸਾਰ ਨਹੀਂ ਲਈ ਗਈ। ਭਾਜਪਾ ਆਗੂ ਦਾਮਨ ਥਿੰਦ ਬਾਜਵਾ ਨੇ ਵੀਰਵਾਰ ਨੂੰ ਇੰਟਰਨੈੱਟ ਮੀਡੀਆ ਰਾਹੀਂ ਆਪਣੇ ਫੇਸਬੁੱਕ ਖ਼ਾਤੇ ਤੇ ਸਾਂਝੀ ਕੀਤੇ ਲਿਖ਼ਤੀ ਪੱਤਰ ਵਿੱਚ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵੱਡੇ ਵੀਰ ਵਜੋਂ ਸੰਬੋਧਨ ਹੁੰਦਿਆਂ ਲਿਖਿਆ ਕਿ 24, 25 ਅਤੇ 26 ਅਗਸਤ ਨੂੰ ਜਿੱਥੇ ਸਾਰੇ ਪੰਜਾਬ ਵਿੱਚ ਭਾਰੀ ਬਰਸਾਤ ਕਾਰਨ ਪੂਰੇ ਸੂਬੇ ਨੂੰ ਇਸ ਦਾ ਨੁਕਸਾਨ ਝੱਲਣਾ ਪਿਆ ਉਥੇ ਹੀ ਸੁਨਾਮ ਹਲਕੇ ਦੇ ਲੋਕਾਂ ਦਾ ਵੀ ਬਹੁਤ ਨੁਕਸਾਨ ਹੋਇਆ ਪਰੰਤੂ ਤੁਸੀਂ ਇੰਨੇ ਰੁੱਝ ਗਏ ਕਿ ਤੁਸੀਂ ਚਾਰ ਦਿਨ ਲੰਘਣ ਤੋਂ ਬਾਅਦ ਵੀ ਆਪਣੇ ਹਲਕੇ ਦੇ ਲੋਕਾਂ ਦੀ ਸਾਰ ਲੈਣੀ ਜ਼ਰੂਰੀ ਨਹੀਂ ਸਮਝੀ? ਲੋਕਾਂ ਨੇ ਵੋਟਾਂ ਤੁਹਾਨੂੰ ਪਾਕੇ ਇਥੋਂ ਦਾ ਨੁਮਾਇੰਦਾ ਬਣਾਇਆ ਤੁਹਾਡੇ ਪ੍ਰਸ਼ਾਸਨ ਨੂੰ ਨਹੀਂ ਅਤੇ ਨਾ ਹੀ ਤੁਹਾਡੇ ਅਸਿਸਟੈਂਟਸ ਨੂੰ ਜਿਨ੍ਹਾਂ ਨੇ ਡੱਕਾ ਤੋੜਕੇ ਨਹੀਂ ਦੇਖਿਆ ਹਾਂ ਜਿੱਥੇ ਪ੍ਰਸ਼ਾਸਨ ਗਿਆ ਉਥੇ ਫ਼ੋਟੋ ਜ਼ਰੂਰ ਖਿਚਵਾ ਲਈ ਭਾਜਪਾ ਆਗੂ ਦਾਮਨ ਬਾਜਵਾ ਨੇ ਆਖਿਆ ਕਿ ਕੁਦਰਤੀ ਆਫ਼ਤ ਕਾਰਨ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਂਜ ਉਨ੍ਹਾਂ ਕਿਹਾ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਹੋਂ ਅਤੇ ਮੰਤਰੀ ਵੀ ਪਰ ਇਹਦਾ ਇਹ ਮਤਲਬ ਤਾਂ ਬਿਲਕੁਲ ਨਹੀਂ ਕਿ ਤੁਸੀਂ ਆਪਣੇ ਹਲਕੇ ਦੇ ਲੋਕਾਂ ਨੂੰ ਸਭ ਤੋਂ ਵੱਧ ਲੋੜ ਵੇਲੇ ਵਿਸਾਰ ਦਿਓਂ। ਉਨ੍ਹਾਂ ਲਿਖਿਆ ਕਿ ਸੁਨਾਮ ਨੇੜਿਓਂ ਲੰਘਦੇ ਸਰਹਿੰਦ ਚੋਅ ਦੀ ਸਫ਼ਾਈ ਨਹੀਂ ਕਰਵਾਈ ਗਈ ਲੌਂਗੋਵਾਲ ਡਰੇਨ ਅਤੇ ਲੌਂਗੋਵਾਲ ਦੇ ਸੂਏ ਦੋਵਾਂ ਉੱਪਰ ਦੀ ਕਈ ਥਾਂ ਤੋਂ ਪਾਣੀ ਵਗਿਆ ਲੋਕਾਂ ਨੇ ਖੁਦ ਅੱਗੇ ਲੱਗਕੇ ਮਿੱਟੀ ਦੇ ਗੱਟੇ ਲਗਾਕੇ ਆਪਣਾ ਬਚਾਅ ਕੀਤਾ। ਉਨ੍ਹਾਂ ਆਖਿਆ ਕਿ ਲੌਂਗੋਵਾਲ ਵਿਖੇ ਡਰੇਨ ਦੇ ਪਾਣੀ ਨਾਲ ਡੇਢ਼ ਸੌ ਏਕੜ ਦੇ ਕਰੀਬ ਝੋਨੇ ਦੀ ਫ਼ਸਲ ਵਿੱਚ ਪਾਣੀ ਦਾਖ਼ਲ ਹੋਇਆ ਹੈ ਜਿਸ ਕਾਰਨ ਫ਼ਸਲ ਖ਼ਰਾਬ ਹੋ ਗਈ ਹੈ। ਦਾਮਨ ਬਾਜਵਾ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਟੀਮ ਅਖਵਾਉਣ ਵਾਲਿਆਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਫੋਟੋਆਂ ਖਿਚਵਾਉਣ ਤੱਕ ਸੀਮਤ ਦੱਸਕੇ ਕਟਹਿਰੇ ਵਿੱਚ ਖੜਾ ਕੀਤਾ ਹੈ। ਇਸ ਮੌਕੇ ਭਾਜਪਾ ਆਗੂ ਹਰਮਨਦੇਵ ਸਿੰਘ ਬਾਜਵਾ, ਅੰਮ੍ਰਿਤਪਾਲ ਸਿੰਘ, ਰਣਧੀਰ ਸਿੰਘ ਸਮੇਤ ਪੀੜਤ ਕਿਸਾਨ ਹਾਜ਼ਰ ਸਨ।