ਰੂਪਨਗਰ : ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਸਿਹਤ ਸੁਰੱਖਿਆ ਲਈ ਖ਼ਾਸ ਯਤਨ ਕੀਤੇ ਜਾ ਰਹੇ ਹਨ, ਜਿਸ ਅਧੀਨ ਬਿਮਾਰੀਆਂ ਦੀ ਰੋਕਥਾਮ, ਸਾਫ਼ ਪਾਣੀ ਦੀ ਉਪਲਬਧਤਾ ਅਤੇ ਐਮਰਜੈਂਸੀ ਸਿਹਤ ਸੇਵਾਵਾਂ ਪਹੁੰਚਾਉਣਾ ਹੈ। ਇਸ ਸੰਬੰਧ ਵਿੱਚ ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਵੱਲੋਂ ਸਾਰੇ ਸਿਹਤ ਅਧਿਕਾਰੀਆਂ ਅਤੇ ਸਟਾਫ ਨੂੰ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਡਾ. ਜਤਿੰਦਰ ਕੌਰ ਐਪੀਡਿਮੋਲੋਜਿਸਟ, ਦਵਿੰਦਰ ਸਿੰਘ ਸਹਾਇਕ ਮਲੇਰੀਆ ਅਧਿਕਾਰੀ ਅਤੇ ਰਣਜੀਤ ਸਿੰਘ ਹੇਲਥ ਸੁਪਰਵਾਈਜ਼ਰ ਦੀ ਅਗਵਾਈ ਹੇਠ ਇਕ ਟੀਮ ਨੇ ਪਿੰਡ ਛੋਟੀ ਝਾਖੀਆਂ ਅਤੇ ਹੋਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਟੀਮ ਵੱਲੋਂ ਹੜ੍ਹ ਦੇ ਪਾਣੀ ਨਾਲ ਉੱਪਜ ਰਹੀਆਂ ਬਿਮਾਰੀਆਂ, ਜਿਵੇਂ ਕਿ ਡੇਂਗੂ, ਮਲੇਰੀਆ, ਹੈਜਾ, ਟਾਇਫਾਇਡ ਅਤੇ ਚਮੜੀ ਦੀਆਂ ਬਿਮਾਰੀਆਂ, ਦੇ ਖਤਰੇ ਦਾ ਜਾਇਜ਼ਾ ਲਿਆ ਗਿਆ। ਲੋਕਾਂ ਨੂੰ ਪਾਣੀ ਨੂੰ ਉਬਾਲ ਕੇ ਪੀਣ, ਮੱਛਰ ਦਾਨੀ ਵਰਤਣ ਅਤੇ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦੇ ਉਪਾਅ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਸੈਨੇਟਰੀ ਇੰਸਪੇਕਟਰ ਪਾਲ ਸਿੰਘ, ਸਿਹਤ ਕਰਮਚਾਰੀ ਮਨਜੋਤ ਸਿੰਘ ਅਤੇ ਬਲਬੀਰ ਸਿੰਘ ਅਤੇ ਹੋਰ ਸਟਾਫ ਵੀ ਮੌਜੂਦ ਸਨ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਸੁਰੱਖਿਆ ਉਪਾਅ ਬਾਰੇ ਜਾਣਕਾਰੀ ਦਿੱਤੀ। ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸਿਹਤ ਸੁਰੱਖਿਆ ਲਈ ਪੂਰੀ ਤਿਆਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਮਿਊਨਿਟੀ ਸਿਹਤ ਕੇਂਦਰ ਭਾਰਤਗੜ੍ਹ ਹੇਠ ਹੜ੍ਹ ਰਾਹਤ ਤੇਜ਼ ਪ੍ਰਤੀਕਿਰਿਆ ਟੀਮ ਵੀ ਬਣਾਈ ਗਈ ਹੈ, ਜੋ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਸੇਵਾਵਾਂ ਦੇਣ ਲਈ ਤਿਆਰ ਰਹੇਗੀ। ਬਲਾਕ ਐਸਟੈਂਸ਼ਨ ਐਜੁਕੇਟਰ ਸਾਹਿਲ ਸੁਖੇਰਾ ਨੇ ਕਿਹਾ ਕਿ ਹੜ੍ਹ ਦੇ ਸਮੇਂ ਲੋਕ ਆਪਣੀ ਸਿਹਤ ਦੀ ਰੱਖਿਆ ਲਈ ਕੁਝ ਸਧਾਰਨ ਕਦਮ ਚੁੱਕ ਸਕਦੇ ਹਨ। ਜਿਵੇਂ ਕਿ ਸਾਫ਼ ਅਤੇ ਉਬਲੇ ਪਾਣੀ ਦੀ ਵਰਤੋਂ ਕਰਨੀ, ਮੱਛਰਦਾਨੀਆਂ ਲਗਾਉਣੀਆਂ, ਘਰ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣਾ ਅਤੇ ਖਾਣ-ਪੀਣ ਵਿੱਚ ਸਾਫ਼-ਸੁਥਰਾਈ ਬਰਕਰਾਰ ਰੱਖਣੀ। ਇਹਨਾਂ ਛੋਟੇ ਉਪਾਅ ਨਾਲ ਹੜ੍ਹ ਦੇ ਸਮੇਂ ਵੀ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਸਿਹਤ ਵਿਭਾਗ ਨੇ ਭਰੋਸਾ ਦਿਵਾਇਆ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਸਿਹਤ ਸੁਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਇਸ ਲਈ ਸਾਰੇ ਪ੍ਰਬੰਧ ਪੂਰੀ ਤਰ੍ਹਾਂ ਕੀਤੇ ਗਏ ਹਨ।