ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਯੂ.ਜੀ.ਸੀ.-ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਵੱਲੋਂ 'ਖੋਜ ਵਿਧੀਆਂ ਅਤੇ ਨੈਤਿਕਤਾ' ਵਿਸ਼ੇ ਉੱਤੇ ਕਰਵਾਇਆ ਗਿਆ ਛੇ ਦਿਨਾ ਆਨਲਾਈਨ ਸ਼ਾਰਟ ਟਰਮ ਕੋਰਸ ਸਫਲਤਾਪੂਰਕ ਸੰਪੰਨ ਹੋ ਗਿਆ। ਕੇਂਦਰ ਦੇ ਡਾਇਰੈਕਟਰ ਪ੍ਰੋ.ਰਮਨ ਮੈਣੀ ਨੇ ਦੱਸਿਆ ਕਿ ਇਸ ਕੋਰਸ ਵਿੱਚ ਦੇਸ਼ ਭਰ ਤੋਂ 91 ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਸ ਕੋਰਸ ਦਾ ਮਕਸਦ ਖੋਜ ਸਬੰਧੀ ਕੁਸ਼ਲਤਾਵਾਂ ਨੂੰ ਨਿਖਾਰਨਾ ਅਤੇ ਨੈਤਿਕਤਾ ਵਾਲੇ ਅਕਾਦਮਿਕ ਅਮਲ ਦੀ ਸਿਖਲਾਈ ਦੇਣਾ ਸੀ। ਕੋਰਸ ਵਿੱਚ ਖੋਜ ਡਿਜ਼ਾਈਨ, ਡਾਟਾ ਇਕੱਠਾ ਕਰਨਾ, ਵਿਸ਼ਲੇਸ਼ਣ, ਅਨੁਵਾਦ ਅਤੇ ਨੈਤਿਕ ਮੁੱਦੇ ਆਦਿ ਵਿਸਿ਼ਆਂ ਦੀ ਸਿਖਲਾਈ ਦਿੱਤੀ ਗਈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਵਿਦਾਇਗੀ ਭਾਸ਼ਣ ਵਿੱਚ ਕਿਹਾ ਕਿ ਅਸਲ ਖੋਜ ਵਿੱਚ ਨੈਤਿਕਤਾ ਦਾ ਬਹੁਤ ਮਹੱਤਵ ਹੁੰਦਾ ਹੈ। ਉਨ੍ਹਾਂ ਕੇਂਦਰ ਵੱਲੋਂ ਕਰਵਾਏ ਜਾਂਦੇ ਅਜਿਹੇ ਕੋਰਸਾਂ ਦੀ ਅਹਿਮੀਅਤ ਬਾਰੇ ਗੱਲ ਕਰਦਿਆਂ ਇਨ੍ਹਾਂ ਯਤਨਾਂ ਲਈ ਕੇਂਦਰ ਦੀ ਸ਼ਲਾਘਾ ਕੀਤੀ।
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਵਧੀਕ ਡੀਨ ਖੋਜ ਪ੍ਰੋ. ਮਿੰਨੀ ਸਿੰਘ ਨੇ ਕਿਹਾ ਕਿ ਖੋਜ ਵਿਧੀਆਂ ਬਾਰੇ ਜਾਗਰੂਕ ਅਤੇ ਸਿੱਖਿਅਕ ਹੋਣਾ ਖੋਜਾਰਥੀ ਲਈ ਬਹੁਤ ਜ਼ਰੂਰੀ ਹੁੰਦਾ ਹੈ। ਅਜਿਹਾ ਹੋਣ ਨਾਲ਼ ਖੋਜਾਰਥੀ ਦੀ ਸਮਰਥਾ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਨੇ ਇਸ ਮਕਸਦ ਲਈ ਬਿਹਤਰ ਖੋਜ ਅਮਲਾਂ ਦੀ ਲੋੜ 'ਤੇ ਜ਼ੋਰ ਦਿੱਤਾ।
ਕੋਰਸ ਕੋਆਰਡੀਨੇਟਰ ਪ੍ਰੋ. (ਡਾ.) ਬਲਰਾਜ ਸਿੰਘ ਸੈਣੀ ਨੇ ਇਸ ਮੌਕੇ ਬੋਲਦਿਆਂ ਭਾਰਤੀ ਅਕਾਦਮਿਕ ਜਗਤ ਨੂੰ ਵਿਸ਼ਵ ਪੱਧਰ ‘ਤੇ ਲੈ ਜਾਣ ਲਈ ਅੰਤਰ ਅਨੁਸ਼ਾਸਨੀ ਅਤੇ ਨਵੀਨ ਖੋਜ ਨੂੰ ਉਤਸ਼ਾਹਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।
ਕੋ-ਕੋਆਰਡੀਨੇਟਰ ਡਾ. ਅਭਿਨਵ ਭੰਡਾਰੀ ਨੇ ਕੋਰਸ ਦੀਆਂ ਵਿਸ਼ੇਸ਼ਤਾਵਾਂ ਦੇ ਹਵਾਲੇ ਨਾਲ਼ ਆਪਣੀ ਗੱਲ ਕੀਤੀ।