ਮੋਗਾ : ਧੁੱਸੀ ਬੰਨ੍ਹ 'ਚ ਸਤਲੁਜ ਦਰਿਆ ਦੇ ਪਾਣੀ ਦੇ ਪੱਧਰ ਤੇ ਲਗਾਤਾਰ ਨਜ਼ਰਸਾਨੀ ਰੱਖਣ ਲਈ ਟੀਮਾਂ ਮੁਸਤੈਦ ਕੀਤੀਆਂ ਗਈਆਂ ਹਨ ਤਾਂ ਜੋ ਸਮਰੱਥਾ ਤੋਂ ਵੱਧ ਪਾਣੀ ਵਧਣ ਨਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਜਨਾਬ ਸਾਗਰ ਸੇਤੀਆ ਨੇ ਸਥਾਨਕ ਮੀਟਿੰਗ ਹਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਧੁੱਸੀ ਬੰਨ੍ਹ ਦੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਬੰਨ੍ਹ ਨੂੰ ਪਹਿਲਾਂ ਤੋਂ ਮਜਬੂਤ ਕੀਤਾ ਗਿਆ ਹੈ, ਤਾਂ ਜੋ ਵਾਧੂ ਪਾਣੀ ਆਉਣ ਨਾਲ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ। ਜਿਸਦੇ ਲਈ ਡਰੇਨਜ ਵਿਭਾਗ ਸਮੇਤ ਵੱਖ ਵੱਖ ਵਿਭਾਗੀ ਟੀਮਾਂ ਕਾਰਜਸ਼ੀਲ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਅੰਦਰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਗਾਊਂ ਤੌਰ ਤੇ ਸੂਚਿਤ ਕੀਤਾ ਜਾਵੇਗਾ ਜਿਸਦੇ ਲਈ ਲੋਕਾਂ ਨੂੰ ਪ੍ਰਸ਼ਾਸ਼ਨਿਕ ਅਮਲੇ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬੰਨ੍ਹ ਦੇ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਹਿਲਾਂ ਤੋਂ ਹੀ ਸ਼ੁੱਧ ਪੀਣਯੋਗ ਪਾਣੀ, ਤਰਪਾਲਾਂ, ਪਸ਼ੂਆਂ ਲਈ ਫੀਡ, ਹਰਾ ਚਾਰਾ ਮੁਹੱਈਆ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਲਗਾਤਾਰ ਹੋਈ ਬਾਰਿਸ਼ ਕਾਰਨ ਪਾਣੀ ਨਾਲ ਡੇਂਗੂ, ਬੈਕਟੀਰੀਆ ਵਰਗੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਆਪਣਾ ਕੰਮ ਕਰ ਰਹੀਆਂ ਹਨ। ਰਾਹਤ ਸੈਂਟਰ ਰਾਊਵਾਲਾ ਪੂਰੀ ਤਰ੍ਹਾਂ ਕਾਰਜਸ਼ੀਲ ਹੈ ਅਤੇ ਲੋੜੀਂਦੀ ਹਰੇਕ ਵਸਤੂ ਇੱਥੇ ਉਪਲੱਬਧ ਹੈ। ਕੁਝ ਦਿਨ ਪਹਿਲਾਂ ਪਿੰਡ ਰੇੜਵਾਂ ਨੇੜੇ ਬੰਨ੍ਹ ਵਿੱਚ ਬਰਸਾਤ ਕਾਰਨ ਪਏ ਹਲਕੇ ਪਾੜ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਟੀਮ ਵੱਲੋਂ ਤੁਰੰਤ ਟੀਮਾਂ ਲਗਾ ਕੇ ਪੂਰ ਲਿਆ ਗਿਆ ਹੈ।
ਉਹਨਾਂ ਦੱਸਿਆ ਕਿ ਹਾਲ ਦੀ ਘੜੀ ਵਿੱਚ ਜੋ ਇੱਥੋਂ ਦਾ ਪਾਣੀ ਪੱਧਰ 721 ਹੈ ਜਿਹੜਾ ਕਿ ਖਤਰੇ ਤੋਂ ਥੱਲੇ ਹੈ। ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਸ਼ਾਸ਼ਨ ਲਗਾਤਾਰ ਇਹਨਾਂ ਥਾਵਾਂ ਦਾ ਰੀਵਿਊ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇੱਥੋਂ ਦੀ ਕੁਝ ਫਸਲ ਵਿੱਚ ਜਿਹੜਾ ਪਾਣੀ ਭਰਿਆ ਹੈ ਜੇਕਰ ਨਿਯਤ ਸਮੇਂ ਅੰਦਰ ਫਸਲ ਵਿੱਚੋਂ ਨਹੀਂ ਨਿਕਲੇਗਾ ਤਾਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗਿਰਦਾਵਰੀ ਪ੍ਰਕਿਰਿਆ ਸ਼ੁਰੂ ਕਰਵਾ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਲੋਕਾਂ ਦੀ ਸਿਹਤ ਸੁਰੱਖਿਆ ਲਈ ਮੈਡੀਕਲ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਲੋਕਾਂ ਦੀ ਸਹਾਇਤਾ ਲਈ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ ਜਿਸਦਾ ਨੰਬਰ 01636-235206 ਹੈ 24 ਘੰਟੇ ਕਾਰਜਸ਼ੀਲ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਘਬਰਾਉਣ ਨਾ ਪ੍ਰਸ਼ਾਸ਼ਨ ਹੜ ਸੰਭਾਵਿਤ ਇਲਾਕਿਆਂ ਦੇ ਲੋਕਾਂ ਨਾਲ ਖੜ੍ਹਾ ਹੈ ਅਤੇ ਕਿਸੇ ਵੀ ਸੰਕਟ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।