ਕਿਹਾ ਹਰਿਆਣਾ ਸਰਕਾਰ ਕਰ ਰਹੀ ਲੋਕ ਹਿਤ ਫੈਸਲੇ
ਸੁਨਾਮ : ਮੁੱਖ ਮੰਤਰੀ ਨਾਇਬ ਸੈਣੀ ਦੀ ਅਗਵਾਈ ਹੇਠਲੀ ਹਰਿਆਣਾ ਸਰਕਾਰ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਾ ਪੀੜਤਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਔਰਤਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਦਾ ਐਲਾਨ ਕਰਕੇ ਪੰਜਾਬੀਆਂ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਦਿਲ ਜਿੱਤ ਲਏ ਹਨ। ਹਰਿਆਣਾ ਵਿਚਲੀ ਭਾਜਪਾ ਸਰਕਾਰ ਲਗਾਤਾਰ ਲੋਕ ਹਿਤ ਫੈਸਲੇ ਲੈ ਰਹੀ ਹੈ। ਬੁੱਧਵਾਰ ਨੂੰ ਸੁਨਾਮ ਵਿਖੇ ਜਾਰੀ ਬਿਆਨ ਵਿੱਚ ਪੰਜਾਬ ਭਾਜਪਾ ਓਬੀਸੀ ਮੋਰਚਾ ਦੇ ਬੁਲਾਰੇ ਡਾਕਟਰ ਜਗਮਹਿੰਦਰ ਸੈਣੀ ਨੇ ਕਿਹਾ ਕਿ ਨਾਇਬ ਸੈਣੀ ਦੀ ਸਰਕਾਰ ਨੇ ਦੰਗਾ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕਰਕੇ ਸੱਚਮੁੱਚ ਸਿੱਖ ਭਾਈਚਾਰੇ ਦੇ ਦਿਲ ਜਿੱਤੇ ਹਨ। ਉਨ੍ਹਾਂ ਆਖਿਆ ਕਿ ਇਸੇ ਤਰ੍ਹਾਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ 100 ਦਿਨਾਂ ਵਿੱਚ ਦੰਗਾ ਪੀੜਤਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਹੈ। ਭਾਜਪਾ ਸ਼ਾਸਿਤ ਸੂਬਾ ਸਰਕਾਰਾਂ ਨੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਦੰਗਾ ਪੀੜਤਾਂ ਦੇ ਹੱਕਾਂ ਪ੍ਰਤੀ ਵਚਨਬੱਧ ਹੈ। 1984 ਦੇ ਸਿੱਖ ਕਤਲੇਆਮ ਵਿੱਚ ਹਜ਼ਾਰਾਂ ਸਿੱਖਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ, ਪਰ ਉਸ ਸਮੇਂ ਦੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਦੰਗਾ ਪੀੜਤਾਂ ਨੂੰ ਇਨਸਾਫ਼ ਦੇਣ ਦੀ ਬਜਾਏ ਦੋਸ਼ੀਆਂ ਨੂੰ ਬਚਾਉਣ ਦਾ ਕੰਮ ਕੀਤਾ। ਓਬੀਸੀ ਮੋਰਚਾ ਦੇ ਮੈਂਬਰ ਜਰਨੈਲ ਸਿੰਘ ਢੋਟ, ਭਗਵਾਨ ਸਿੰਘ ਢੋਟ ਅਤੇ ਹਰਮਿੰਦਰ ਸਿੰਘ ਮਿੰਟੂ ਨੇ ਵੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਇਸ ਐਲਾਨ ਨੂੰ ਸ਼ਲਾਘਾਯੋਗ ਕਦਮ ਦੱਸਿਆ ਹੈ।