ਲਹਿਰਾਗਾਗਾ : ਸ਼ਹਿਰ ਨਿਵਾਸੀਆਂ ਦੀ ਸਹੂਲਤ ਲਈ ਬਣਾਇਆ ਗਿਆ ਰੇਲਵੇ ਅੰਡਰ ਬ੍ਰਿਜ ਬਰਸਾਤੀ ਮੌਸਮ ਦੇ ਦੌਰਾਨ ਲੋਕਾਂ ਦੇ ਜੀਅ ਦਾ ਜੰਜਾਲ ਬਣ ਜਾਂਦੈ। ਬੇਸ਼ੱਕ ਪੁਲ ਬਣਨ ਨਾਲ ਸ਼ਹਿਰ ਨਿਵਾਸੀਆਂ ਨੂੰ ਸਹੂਲਤ ਤਾਂ ਹੋਈ ਹੈ ,ਪਰ ਬਰਸਾਤ ਪੈਣ ਤੇ ਪੁਲ ਅੰਦਰ ਪਾਣੀ ਭਰ ਜਾਂਦਾ ਹੈ,ਜਿਸ ਕਾਰਨ ਕਈ ਵਾਰ ਕੁਝ ਵਿਅਕਤੀਆਂ ਦੀ ਜਾਨ ਵੀ ਜੋਖ਼ਮ 'ਚ ਪੈ ਗਈ ਹੈ। ਹੁਣ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਦੇ ਕਾਰਨ ਪੁਲ ਪਾਣੀ ਨਾਲ ਕੋ ਨੱਕ ਭਰ ਚੁੱਕਿਆ ਹੈ, ਪਰ ਨਗਰ ਕੌਂਸਲ ਜਾਂ ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਉਸ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ। ਜਿਸਦੇ ਚਲਦੇ ਰੇਲਵੇ ਅੰਡਰ ਬ੍ਰਿਜ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਕਥਿੱਤ ਲਾਪਰਵਾਹੀ ਦੇ ਚਲਦੇ ਸ਼ਹਿਰ ਨਿਵਾਸੀਆਂ ਲਈ ਖੌਫ ਬਣਿਆ ਹੋਇਆ ਹੈ। ਪੁੱਲ ਵਿੱਚ ਪੂਰਾ ਪਾਣੀ ਭਰੇ ਜਾਣ ਦੇ ਚਲਦੇ ਹੁਣ ਪੁੱਲ ਦਾ ਪਾਣੀ ਸ਼ਹਿਰ ਵਾਲੇ ਅੰਡਰ ਗਰਾਉਂਡ ਪਾਈਪ ਲਾਈਨ ਵਿੱਚ ਪੈ ਰਿਹੈ,ਜਿਸਦੇ ਕਾਰਨ ਸ਼ਹਿਰ ਅੰਦਰ ਨਿਕਾਸੀ ਪਾਣੀ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ ਅਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ, ਮਹੱਲਿਆਂ ਵਿੱਚ ਖੜਿਆ ਪਾਣੀ ਲੋਕਾਂ ਲਈ ਮੁਸੀਬਤਾਂ ਪੈਦਾ ਕਰ ਰਿਹਾ ਹੈ।ਕਈ ਵਾਰਡਾਂ ਵਿੱਚ ਤਾਂ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਵੜ ਗਿਆ ਅਤੇ ਲੋਕਾਂ ਨੂੰ ਕਈ ਕਈ ਫੁੱਟ ਪਾਣੀ ਵਿੱਚੋਂ ਲੰਘਣਾ ਪੈ ਰਿਹਾ ਹੈ। ਸੂਤਰਾਂ ਤੋਂ ਪਤਾ ਚੱਲਿਆ ਕਿ ਅੰਡਰ ਬ੍ਰਿਜ ਵਿੱਚੋਂ ਪਾਣੀ ਕੱਢਣ ਲਈ ਕਾਂਗਰਸ ਸਰਕਾਰ ਸਮੇਂ ਅਤੇ ਆਪ ਸਰਕਾਰ ਵਿੱਚ ਵੀ ਮੋਟਰਾਂ ਦਾ ਪ੍ਰਬੰਧ ਕੀਤਾ ਗਿਆ ਸੀ, ਪਰ ਆਖਿਰਕਾਰ ਉਹ ਮੋਟਰਾਂ ਕਿੱਥੇ ਗਈਆਂ ਜਾਂ ਫਿਰ ਕਿਉਂ ਨਹੀਂ ਚੱਲਦੀਆਂ? ਇਸਦਾ ਜਵਾਬ ਕੌਣ ਦੇਵੇਗਾ,ਪਰ ਹੁਣ ਦੇਖਣਾ ਇਹ ਹੋਵੇਗਾ ਕਿ ਮਸਲਾ ਹੱਲ ਹੁੰਦਾ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸ਼ਹਿਰ ਨਿਵਾਸੀਆਂ ਨੂੰ ਗੰਦੇ ਪਾਣੀ ਦੇ ਨਾਲ ਨਾਲ ਬਰਸਾਤੀ ਪਾਣੀ ਦੀ ਸੁਚਾਰੂ ਨਿਕਾਸੀ ਸਬੰਧੀ ਇਸੇ ਤਰ੍ਹਾਂ ਸਮੱਸਿਆਵਾਂ ਨਾਲ ਦੋ ਚਾਰ ਹੁੰਦਾ ਰਹਿਣਾ ਪਵੇਗਾ।
ਵਾਲ ਵਾਲ ਬਚੇ ਚਾਰ ਨੌਜਵਾਨ
ਇਸ ਰੇਲਵੇ ਅੰਡਰ ਬ੍ਰਿਜ ਵਿੱਚ ਘੱਟ ਪਾਣੀ ਹੋਣ ਦੇ ਚਲਦੇ ਬਾਹਰੋਂ ਆਏ ਚਾਰ ਨੌਜਵਾਨਾਂ ਨੇ ਆਪਣੀ ਗੱਡੀ ਅੰਡਰ ਬ੍ਰਿਜ ਵਿੱਚੋਂ ਲੰਘਾਉਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਪੁਲ ਦੇ ਵਿਚਕਾਰ ਹੀ ਬੰਦ ਹੋ ਗਈ ਅਤੇ ਤਾਕੀਆਂ ਬੰਦ ਹੋ ਗਈਆਂ, ਜਿਸ ਦੇ ਚਲਦੇ ਨੌਜਵਾਨ ਤਾਂ ਕਾਰ ਸ਼ੀਸ਼ੇ ਤੋੜ ਕੇ ਬਾਹਰ ਨਿਕਲ ਗਏ, ਪਰ ਦੇਖਦੇ ਹੀ ਦੇਖਦੇ ਗੱਡੀ ਪਾਣੀ ਵਿੱਚ ਡੁੱਬ ਗਈ, ਜਿਸ ਦੇ ਕਾਰਨ ਨੌਜਵਾਨ ਗੱਡੀ ਪੁੱਲ ਵਿਚਕਾਰ ਹੀ ਛੱਡ ਕੇ ਖੁਦ ਬਾਹਰ ਨਿਕਲ ਆਏ ਪਰ ਉਨਾਂ ਦੀ ਗੱਡੀ ਅੱਜ ਵੀ ਰੇਲਵੇ ਅੰਡਰ ਬ੍ਰਿਜ ਵਿੱਚ ਫਸੀ ਹੋਈ ਹੈ। ਜਿਹਦੇ ਵਿੱਚ ਨੌਜਵਾਨਾਂ ਦਾ ਹਜ਼ਾਰਾਂ ਰੁਪਏ ਕੈਸ਼ ਹੋਣ ਦੀ ਵੀ ਜਾਣਕਾਰੀ ਮਿਲੀ ਹੈ, ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਬਰਸਾਤੀ ਮੌਸਮ ਵਿੱਚ ਵੀ ਪ੍ਰਸ਼ਾਸਨ ਵੱਲੋਂ ਰੇਲਵੇ ਅੰਡਰ ਬ੍ਰਿਜ ਦੇ ਕੋਲ ਲੋਕਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ।ਜੇਕਰ ਉਕਤ ਨੌਜਵਾਨਾਂ ਨਾਲ ਕੋਈ ਅਣਸਖਾਵੀ ਘਟਨਾ ਹੋ ਜਾਂਦੀ ਤਾਂ ਉਸਦੇ ਲਈ ਜੁੰਮੇਵਾਰ ਹੁੰਦਾ ਤਾਂ ਹੁੰਦਾ ਕੌਣ ? ਇਹ ਬਹੁਤ ਵੱਡਾ ਸਵਾਲ ਹੈ।