ਮਾਨ ਸਰਕਾਰ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਯਤਨਸ਼ੀਲ : ਅਰੋੜਾ, ਹੇਅਰ
ਕਿਹਾ ਨੌਜਵਾਨਾਂ ਨੂੰ ਮੇਜ਼ਰ ਧਿਆਨ ਚੰਦ ਦੀ ਖੇਡ ਤੋਂ ਸੇਧ ਲੈਣ ਦੀ ਲੋੜ
ਸੁਨਾਮ : ਹਾਕੀ ਦੇ ਜਾਦੂਗਰ ਮੇਜ਼ਰ ਧਿਆਨ ਚੰਦ ਦੇ ਜਨਮ ਦਿਵਸ ਨੂੰ ਸਮਰਪਿਤ ਕੌਮੀ ਖੇਡ ਦਿਵਸ ਐਤਵਾਰ ਨੂੰ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੇ ਆਡੀਟੋਰੀਅਮ ਵਿਖੇ ਮਨਾਇਆ ਗਿਆ। ਸਮੁੱਚੇ ਭਾਰਤ ਅੰਦਰ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਮਨਪ੍ਰੀਤ ਬਾਂਸਲ ਨੇ ਦੱਸਿਆ ਕਿ ਇਸ ਸਨਮਾਨ ਸਮਾਰੋਹ ਵਿੱਚ ਸੁਨਾਮ ਵਿਖੇ ਪਹਿਲੀ ਵਾਰ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਸਪੁੱਤਰ ਅਸ਼ੋਕ ਧਿਆਨ ਚੰਦ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਪਾਰਲੀਮੈਂਟ ਸੰਗਰੂਰ ਨੇ ਸ਼ਿਰਕਤ ਕੀਤੀ। ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਲੋਕ ਸਭਾ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਕੇ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਨੌਜਵਾਨਾਂ ਨੂੰ ਹਾਕੀ ਦੇ ਜਾਦੂਗਰ ਮੰਨੇ ਜਾਂਦੇ ਮੇਜ਼ਰ ਧਿਆਨ ਚੰਦ ਦੀ ਖੇਡ ਤੋਂ ਸੇਧ ਲੈਣ ਦੀ ਲੋੜ ਹੈ। ਸਨਮਾਨ ਸਮਾਰੋਹ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਖੇਡ ਲੇਖਕ ਅਤੇ ਡੀਪੀਈ ਮਨਦੀਪ ਸਿੰਘ ਸੁਨਾਮ ਨੇ ਦੱਸਿਆ ਕਿ ਇਸ ਮੌਕੇ ਭਾਰਤ ਦੀਆਂ ਖੇਡ ਹਸਤੀਆਂ ਗੁਰਬਖਸ਼ ਸਿੰਘ ਸੰਧੂ ਦ੍ਰੋਣਾਚਾਰੀਆ ਐਵਾਰਡੀ, ਸੁੱਚਾ ਸਿੰਘ ਅਰਜੁਨਾ ਐਵਾਰਡੀ ਲਾਈਫਟਾਈਮ, ਮਨਜੀਤ ਪਾਲ ਸਿੰਘ ਏਸ਼ੀਅਨ ਖੇਡਾਂ ਦੇ ਮੈਡਲਿਸਟ ਬਾਕਸਰ , ਗੁਰਦੀਪ ਸਿੰਘ ਕਾਮਨਵੈਲਥ ਮੈਡਲਿਸਟ ਵੇਟ ਲਿਫਟਿੰਗ, ਜਗਦੀਪ ਸਿੰਘ ਕਾਹਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਵੀ ਪਹੁੰਚੇ। ਸੁਨਾਮ ਸ਼ਹਿਰ ਦੇ ਖਿਡਾਰੀਆਂ ਅਤੇ ਕੋਚਾਂ ਨੇ ਇਸ ਪ੍ਰੋਗਰਾਮ ਵਿੱਚ ਭਰਵੀਂ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਪ੍ਰਬੰਧਕੀ ਕਮੇਟੀ ਦੇ ਹਰਪਾਲ ਸਿੰਘ ਸੰਧੇ , ਤਰਵਿੰਦਰ ਸਿੰਘ ਢਿੱਲੋਂ, ਪਰਵਿੰਦਰ ਸਿੰਘ, ਜਤਿੰਦਰ ਕੁਮਾਰ, ਹਰਿੰਦਰ ਸ਼ਰਮਾ ਸਮੇਤ ਵੱਡੀ ਗਿਣਤੀ ਸ਼ਹਿਰੀਆਂ ਨੇ ਸ਼ਮੂਲੀਅਤ ਕੀਤੀ।