ਸੰਗਰੂਰ : ਵੱਖ-ਵੱਖ ਸਰਕਾਰੀ ਅਤੇ ਅਰਧ ਸਰਕਾਰੀ, ਬੈਂਕਾਂ ਵਿੱਚੋਂ ਸੇਵਾ ਮੁਕਤ ਹੋਏ ਅਧਿਆਕਰੀਆਂ ਅਤੇ ਕਰਮਚਾਰੀਆਂ, ਸਮਾਜ ਸੇਵੀਆਂ ਦੀ ਸੰਸਥਾ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਜੋ ਕਿ ਸਮਾਜ ਸੇਵਾ, ਲੋਕ ਭਲਾਈ ਅਤੇ ਬਜੁਰਗਾਂ ਦੇ ਸਤਿਕਾਰ ਨੂੰ ਸਮਰਪਿਤ ਹੈ ਦੇ ਪ੍ਰਧਾਨ ਅਤੇ ਸੁਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਨੇ ਵਿਸ਼ਵ ਸੀਨੀਅਰ ਸਿਟੀਜਨ ਦਿਵਸ ਜੋ ਕਿ ਇੱਕ ਅਹਿਮ ਦਿਹਾੜਾ ਹੈ ਇਸ ਨੂੰ ਵਰਿਸ਼ਟ ਨਾਗਰਿਕਾਂ ਵੱਲੋਂ ਦੁਨੀਆਂ ਦੇ ਹਰ ਕੌਨੇ ਵਿੱਚ ਮਨਾਇਆ ਜਾਂਦਾ ਹੈ। ਇਹ ਪਹਿਲੀ ਬਾਰ ਸਾਲ 1991 ਵਿੱਚ ਸੰਯੁਕਤ ਰਾਸ਼ਟਰ ਨੇ ਮਨਾਉਣ ਦੀ ਘੋਸ਼ਣਾ ਕੀਤ ਸੀ। ਇਸ ਦਿਨ ਨੂੰ ਮਨਾਉਣ ਦੇ ਲਈ ਖਾਸ ਟੀਚਾ ਇਹ ਹੈ ਕਿ ਦੁਨੀਆਂ ਭਰ ਦੇ ਬਜੁਰਗਾਂ ਨੂੰ ਮਾਨ ਸਨਮਾਨ ਅਤੇ ਸਤਿਕਾਰ ਦਿਵਾਇਆ ਜਾਵੇ ਅਤੇ ਉਨ੍ਹਾਂ ਨੂੰ ਇਹ ਦੱਸਿਆ ਜਾਵੇ ਕਿ ਤੁਸੀਂ ਸਾਡੇ ਲਈ ਕਿੰਨੇ ਖਾਸ ਹੋ। ਸ੍ਰੀ ਅਰੋੜਾ ਨੇ ਕਿਹਾ ਕਿ ਬਜੁਰਗ ਸਾਡੀ ਸੱਭਿਅਤਾ ਦੇ ਚਾਨਣ ਮੁਨਾਰੇ ਹਨ ਜਿਨ੍ਹਾਂ ਤੋਂ ਸੇਧ ਲੈ ਕੇ ਅਗਲੀ ਪੀੜ੍ਹੀ ਨੇ ਮੰਜ਼ਿਲਾਂ ਤੈਅ ਕਰਨੀਆਂ ਹਨ। ਜਿਹੜੀ ਪੀੜ੍ਹੀ ਆਪਣੇ ਬਜੁਰਗਾਂ ਦਾ ਸਨਮਾਨ ਨਹੀਂ ਕਰਦੀ ਅਤੇ ਉਨ੍ਹਾਂ ਤੋਂ ਸੇਧ ਨਹੀਂ ਲੈਂਦੀ ਉਹ ਆਪਣੇ ਰਾਹ ਤੋਂ ਭਟਕ ਜਾਂਦੀ ਹੈ। ਬਜੁਰਗਾਂ ਨੇ ਪਰਿਵਾਰਾਂ ਨੂੰ ਬੰਨ੍ਹ ਕੇ ਰੱਖਿਆ ਹੋਇਆ ਸੀ। ਅਜੌਕੇ ਸਮੇਂ ਵਿੱਚ ਜਿਹੜੇ ਆਪਣੇ ਬਜੁਰਗਾਂ ਦਾ ਮਾਨ ਸਤਿਕਾਰ ਨਹੀਂ ਕਰਦੇ ਉਨ੍ਹਾਂ ਦੇ ਪਰਿਵਾਰ ਬਿਖਰ ਰਹੇ ਹਨ। ਇਸ ਲਈ ਸਾਨੂੰ ਸਮਾਜਿਕ ਤੌਰ ਤੇ ਅਤੇ ਸਰਕਾਰੀ ਤੌਰ ਤੇ ਬਜੁਰਗਾਂ ਦੀ ਸਾਂਭ ਸੰਭਾਲ ਅਤੇ ਸਤਿਕਾਰ ਲਈ ਯੋਜਨਾਵਾਂ ਨੂੰ ਅਮਲੀ ਰੂਪ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਨਕਮ ਟੈਕਸ ਕਾਨੂੰਨ ਮੁਤਾਬਿਕ 60 ਸਾਲ ਤੋਂ ਜਿਆਦਾ ਵਿਅਕਤੀਆਂ ਨੂੰ ਸੀਨੀਅਰ ਸਿਟੀਜਨ ਕਹਿੰਦੇ ਹਨ ਅਤੇ ਸੂਪਰ ਸੀਨੀਅਰ ਸਿਟੀਜਨ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕਿਹਾ ਜਾਂਦਾ ਹੈ। ਸ੍ਰੀ ਰਾਜ ਕੁਮਾਰ ਅਰੋੜਾ ਜੋ ਕਿ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ ਨੇ ਕਿਹਾ ਕਿ ਬਜੁਰਗ ਸਾਡੀ ਹੋਂਦ ਹੁੰਦੇ ਹਨ। ਬਜੁਰਗਾਂ ਤੋਂ ਬਿਨ੍ਹਾਂ ਅਸੀਂ ਕੁੱਝ ਵੀ ਕਰਨ ਦੇ ਯੋਗ ਨਹੀਂ। ਸ੍ਰੀ ਅਰੋੜਾ ਨੇ ਕਿਹਾ ਕਿ ਸਾਂਝੇ ਪਰਿਵਾਰ ਟੁੱਟ ਰਹੇ ਹਨ। ਜਿਸ ਕਾਰਨ ਬਜੁਰਗ ਆਪਣੇ ਆਪ ਨੂੰ ਇੱਕਲਾ ਮਹਿਸੂਸ ਕਰ ਰਹੇ ਹਨ ਤੇ ਉਨ੍ਹਾਂ ਦੀ ਸਾਰ ਲੈਣ ਵਾਲਾ ਪਰਿਵਾਰ ਵਿੱਚ ਕੋਈ ਨਹੀਂ ਹੈ। ਨਵੀਂ ਪੀੜ੍ਹੀ ਕੋਲ ਉਨ੍ਹਾਂ ਲਈ ਕੋਈ ਸਮਾਂ ਨਹੀਂ ਅਤੇ ਵਿਚਾਰਾਂ ਵਿੱਚ ਬਹੁਤ ਵੱਡਾ ਫਰਕ ਆ ਰਿਹਾ ਹੈ। ਅਜੋਕਿ ਪੀੜ੍ਹੀ ਸਦਾਚਾਰਕ ਪੱਖ ਤੋਂ ਕੰਮਜੋਰ ਹੋ ਰਹੀ ਹੈ ਜਿਸ ਕਰਕੇ ਬਜੁਰਗਾਂ ਨਾਲ ਉਨ੍ਹਾਂ ਦਾ ਟਕਾਰਓ ਵੱਧ ਰਿਹਾ ਹੈ। ਇਸ ਪੀੜ੍ਹੀ ਦੀ ਸੋਚ ਪਦਾਰਥਵਾਦੀ ਹੈ ਤੇ ਬਜੁਰਗਾਂ ਦੀ ਸੋਚ ਅਧਿਆਤਮ ਵਾਦੀ ਹੈ। ਬਜੁਰਗ ਘਰਾਂ ਦਾ ਉਹ ਰੋਸ਼ਨ ਮਿਨਾਰਾ ਹੁੰਦੇ ਹਨ ਜਿਹੜੇ ਸਾਨੂੰ ਜੀਵਨ ਦੀ ਰਾਹ ਤੇ ਤੁਰਨ ਦਾ ਰਸਤਾ ਦਿਖਾਉਂਦੇ ਹਨ ਇਨ੍ਹਾਂ ਦਾ ਸਤਿਕਾਰ ਧਰਮ ਦੀ ਪੂਜਾ ਤੋਂ ਵੱਡਾ ਹੈ। ਸਮਾਜ ਸੇਵੀ ਅਤੇ ਚੇਅਰਮੈਨ ਰਵਿੰਦਰ ਸਿੰਘ ਗੁੱਡੂ ਜੋ ਕਿ ਆਬਕਾਰੀ ਅਤੇ ਕਰ ਵਿਭਾਗ ਵਿੱਚੋਂ ਸੇਵਾ ਮੁੱਕਤ ਹੋਏ ਹਨ ਨੇ ਕਿਹਾ ਕਿ ਬਜੁਰਗ ਘਰਾਂ ਦੇ ਜਿੰਦਰੇ ਹੁੰਦੇ ਹਨ। ਉਨ੍ਹਾਂ ਦੇ ਰਹਿੰਦੇ ਘਰ ਵਿੱਚ ਕਿਸੇ ਨੂੰ ਕੋਈ ਫਿਕਰ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅੱਜ ਦੀ ਤੇਜ ਤਰਾਰ ਜਿੰਦਗੀ ਵਿੱਚ ਬੱਚੇ ਬਜੁਰਗਾਂ ਦਾ ਸਤਿਕਾਰ ਕਰਨਾ ਭੁੱਲਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਮੁੱਡਲੇ ਸੰਸਕਾਰਾਂ ਦੀ ਸਿੱਖਿਆ ਵਿੱਚ ਬਜੁਰਗਾਂ ਦਾ ਸਤਿਕਾਰ ਕਰਨਾ ਸਿਖਾਉਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਬਜੁਰਗਾਂ ਦਾ ਸਨਮਾਨ ਕਰਾਂਗੇ ਤਾਂ ਸਾਡੇ ਬੱਚੇ ਸਾਡਾ ਸਨਮਾਨ ਕਰਨਗੇ। ਬਜੁਰਗਾਂ ਦੀ ਭਲਾਈ ਵਿੱਚ ਹੀ ਸਮਾਜ ਦੀ ਭਲਾਈ ਹੈ। ਵਾਇਸ ਚੇਅਰਮੈਨ ਸ੍ਰੀ ਲਾਲ ਚੰਦ ਸੈਣੀ ਜੋ ਕਿ ਖੁਰਾਕ ਅਤੇ ਸਪਲਾਈਜ ਅਫ਼ਸਰ ਸੇਵਾ ਮੁੱਕਤ ਹੋਏ ਹਨ ਨੇ ਕਿਹਾ ਕਿ ਸਾਰੇ ਧਰਮਾਂ ਵਿੱਚ ਬਜੁਰਗਾਂ ਦਾ ਸਨਮਾਨ ਕਰਨ ਦੀ ਗੱਲ ਕਹੀ ਹੈ। ਪਰ ਅੱਜ ਵੱਡੀ ਗਿਣਤੀ ਵਿੱਚ ਬਜੁਰਗ ਘਰਾਂ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਵਿੱਚੋਂ ਲੰਘ ਰਹੇ ਹਨ। ਉਹ ਦੇਖ ਕੇ ਲੱਗ ਰਿਹਾ ਹੈ ਕਿ ਲੋਕ ਸਿਰਫ਼ ਧਰਮਾਂ ਨੂੰ ਮੰਨਦੇ ਹੀ ਹਨ ਉਨ੍ਹਾਂ ਦੀ ਸਿੱਖਿਆ ਗ੍ਰਹਿਣ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਥਾਂ-ਥਾਂ ਤੇ ਖੁੱਲ੍ਹ ਰਹੇ ਬਿਰਧ ਆਸ਼ਰਮ ਲੋਕਾਂ ਦੀ ਧਰਮ ਦੀ ਸਿੱਖਿਆ ਤੋਂ ਦੂਰ ਜਾਣ ਦੀ ਨਿਸ਼ਾਨੀ ਹਨ। ਬਜੁਰਗਾਂ ਦੀ ਦੇਖਭਾਲ ਅਤੇ ਸੇਵਾ ਸੰਭਾਲ ਉਨ੍ਹਾਂ ਦੇ ਬੱਚਿਆਂ ਨੂੰ ਆਪਣੇ ਘਰ੍ਹਾਂ ਵਿੱਚ ਹੀ ਕਰਨੀ ਚਾਹੀਦੀ ਹੈ। ਜਨਰਲ ਸਕੱਤਰ ਸ੍ਰੀ ਕੰਵਲਜੀਤ ਸਿੰਘ ਜੋ ਕਿ ਡੀ.ਸੀ. ਦਫ਼ਤਰ ਵਿੱਚੋਂ ਸੇਵਾ ਮੁੱਕਤ ਹੋਏ ਹਨ ਨੇ ਕਿਹਾ ਕਿ ਜਿਹੜੇ ਘਰਾਂ ਵਿੱਚ ਬਜੁਰਗਾਂ ਦਾ ਸਤਿਕਾਰ ਹੁੰਦਾ ਹੈ ਉਸ ਘਰ ਵਿੱਚ ਹਮੇਸ਼ਾ ਖੁਸ਼ਿਆਂ ਰਹਿੰਦੀਆਂ ਹਨ। ਬਜੁਰਗਾਂ ਕੋਲ ਜਿੰਦਗੀ ਦਾ ਸਰਮਾਇਆ ਹੁੰਦਾ ਹੈ ਉਨ੍ਹਾਂ ਨੇ ਆਪਣੀ ਸਾਰੀ ਉਮਰ ਵਿੱਚ ਚੰਗੇ ਮਾੜੇ ਹਾਲਾਤ ਦੇਖੇ ਹੁੰਦੇ ਹਨ ਇਸ ਕਾਰਨ ਸਾਨੂੰ ਇੱਕ ਸਿਖਿਆਰਥੀ ਵਾਂਗ ਬਜੁਰਗਾਂ ਤੋਂ ਜ਼ਿੰਦਗੀ ਦੀ ਸਿੱਖਿਆ ਹਾਂਸਲ ਕਰਨੀ ਚਾਹੀਦੀ ਹੈ। ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਬਜੁਰਗਾਂ ਦੀਆਂ ਸਹੂਲਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅੱਜ ਦੇਖਦੇ ਹਾਂ ਕਿ ਸਰਕਾਰੀ ਦਫ਼ਤਰਾਂ ਵਿੱਚ ਬਜੁਰਗ ਆਪਣਿਆਂ ਮੰਗਾਂ ਲਈ ਗੇੜੇ ਮਾਰਦੇ ਹਨ। ਸਰਕਾਰ ਨੂੰ ਬਜੁਰਗਾਂ ਦੇ ਮਾਨ ਸਤਿਕਾਰ ਲਈ ਅਤੇ ਉਨ੍ਹਾਂ ਦੀਆਂ ਸਹੂਲਤਾਂ ਵੱਲ ਵਿਸ਼ੇਸ ਧਿਆਨ ਰੱਖਦੇ ਹੋਏ ਉਨ੍ਹਾਂ ਨੂੰ ਆਉਣ ਵਾਲੀਆਂ ਦਿੱਕਤਾਂ, ਮੁਸ਼ਕਿਲਾਂ ਦਾ ਹੱਲ ਕਰਨਾ ਚਾਹੀਦਾ ਹੈ। ਸ੍ਰੀ ਆਰ.ਐਲ.ਪਾਂਧੀ ਸਾਬਕਾ ਆਡਿਟ ਅਫ਼ਸਰ ਨੇ ਕਿਹਾ ਕਿ ਸਰਕਾਰ ਨੂੰ ਸਮੇਂ-ਸਮੇਂ ਸਿਰ ਬਜੁਰਗਾਂ ਦੀ ਸਿਹਤ ਸੰਭਾਲ ਲਈ ਉਨ੍ਹਾਂ ਦਾ ਨਿਰੰਤਰ ਮੈਡੀਕਲ ਚੈਕਅੱਪ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਬਿਨ੍ਹਾਂ ਰੋਕ ਟੋਕ ਤੋਂ ਨਿਰੰਤਰ ਵਧੀਆ ਤਰੀਕੇ ਨਾਲ ਮਿਲਣੀਆਂ ਚਾਹੀਦਾਂ ਹਨ। ਇਸ ਸੰਬੰਧੀ ਗੱਲਬਾਤ ਕਰਦਿਆਂ ਜਸਵੀਰ ਸਿੰਘ ਖ਼ਾਲਸਾ, ਰਾਜ ਕੁਮਾਰ ਬਾਂਸਲ, ਸੇਵਾ ਮੁੱਕਤ ਬੈਂਕ ਅਧਿਕਾਰੀ ਦਵਿੰਦਰ ਗੁੱਪਤਾ, ਓਮ ਪ੍ਰਕਾਸ਼ ਖਿੱਪਲ, ਆਰ.ਐਲ.ਪਾਂਧੀ, ਰਜਿੰਦਰ ਸਿੰਘ ਚੰਗਾਲ, ਡਾ. ਮਨਮੋਹਨ ਸਿੰਘ, ਕਰਨੈਲ ਸਿੰਘ ਸੇਖੋਂ, ਅਸੋਕ ਡੱਲਾ ਆਦਿ ਨੇ ਕਿਹਾ ਕਿ ਬਜੁਰਗ ਸਾਡਾ ਸਰਮਾਇਆ ਹਨ। ਬਜੁਰਗਾਂ ਦੇ ਤਜਰਬੇ ਤੋਂ ਲਾਭ ਲੈਣਾ ਚਾਹੀਦਾ ਹੈ। ਵਿਸ਼ਵ ਸੀਨੀਅਰ ਸਿਟੀਜਨ ਦਿਹਾੜੇ ਤੇ ਮੁਬਾਰਕਬਾਦ ਦਿੰਦੇ ਹੋਏ ਬਜੁਰਗਾਂ ਦੀ ਭਲਾਈ ਅਤੇ ਸਤਿਕਾਰ ਲਈ ਜੋਰ ਦਿੱਤਾ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਬਜੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਜੋਰ ਦੇ ਕੇ ਮੰਗ ਕੀਤੀ ਕਿ ਬਜੁਰਗਾਂ ਦੀ ਮੰਗਾਂ ਅਤੇ ਸਤਿਕਾਰ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਬਜੁਰਗਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਵਾਉਣ ਲਈ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਅਤੇ ਉਨ੍ਹਾਂ ਨੂੰ ਬਣਦਾ ਮਾਨ ਸਨਮਾਨ ਮਿਲਣਾ ਚਾਹੀਦਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਵਿਸ਼ਵ ਸੀਨੀਅਰ ਸਿਟੀਜਨ ਦਿਵਸ ਅੱਜ 21 ਅਗਸਤ ਨੂੰ ਸਮਰਪਿਤ ਸਮਾਗਮ 20 ਅਗਸਤ ਨੂੰ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਸਵੇਰੇ 11:00 ਵਜੇ ਹੋਵੇਗਾ। ਜਿਸ ਵਿੱਚ 80 ਸਾਲ ਅਤੇ 80 ਸਾਲਾਂ ਤੋਂ ਉੱਪਰ ਦੇ ਸਤਿਕਾਰਯੋਗ ਮੈਂਬਰਾਂ ਅਤੇ ਸਮਾਜ ਸੇਵਾ ਵਿੱਚ ਸਲਾਘਾਯੋਗ ਕੰਮ ਕਰਨ ਵਾਲੀਆਂ ਸਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।