ਪੰਜਾਬੀਆਂ ਨੂੰ ਨਵਾਂ ਚੁੱਲ੍ਹਾ ਬਾਲਣ ਵਾਲੇ ਪੰਥ ਦੇ ਅਖੌਤੀ ਆਗੂਆਂ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ, ਕਿਹਾ ਕਿ ਨਵੇਂ ਚੁੱਲ੍ਹੇ ਵਾਸਤੇ ਕੇਂਦਰ ਦੇ ਰਿਹੈ ਮੁਫਤ ਗੈਸ
ਅਕਾਲੀ ਦਲ ਦੀ ਕਾਨਫਰੰਸ ’ਚ ਹੋਇਆ ਲੱਖਾਂ ਦਾ ਇਕੱਠ, ਪਿਛਲੇ 40 ਸਾਲਾਂ ਦਾ ਰਿਕਾਰਡ ਟੁੱਟਿਆ
ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਹਨਾਂ ਵਾਸਤੇ ਪੰਥਕ ਸਿਧਾਂਤ ਤੇ ਆਦਰਸ਼ ਸਭ ਤੋਂ ਉਪਰ ਹਨ ਤੇ ਉਹ ਕਦੇ ਵੀ ਸੱਤਾ ਵਾਸਤੇ ਪੰਥ ਦੀ ਅਣਖ ਨਾਲ ਸਮਝੌਤਾ ਨਹੀਂ ਕਰਨਗੇ।
ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 40ਵੀਂ ਬਰਸੀ ਮੌਕੇ ਉਹਨਾਂ ਦੇ ਪਿੰਡ ਵਿਚ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਕਾਨਫਰੰਸ ਵਿਚ ਵਿਸ਼ਾਲ ਇਕੱਠ ਹੋਇਆ ਜਿਸਨੇ ਪਿਛਲੇ 40 ਸਾਲਾਂ ਦਾ ਰਿਕਾਰਡ ਤੋੜ ਦਿੱਤਾ।
ਸੰਤ ਲੌਂਗੋਵਾਲ ਜਿਹਨਾਂ ਨੇ ਪੰਥ ਵਾਸਤੇ ਕੁਰਬਾਨੀ ਦਿੱਤੀ, ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਵਾਸਤੇ ਪੰਥ ਤੇ ਪੰਜਾਬ ਦੀ ਅਣਖ ਸਭ ਤੋਂ ਅਹਿਮ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਇਹ ਗੱਲ ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ ਤੇ ਸੁਰਜੀਤ ਸਿੰਘ ਰੱਖੜਾ ਵਰਗੇ ਆਗੂਆਂ ਨੂੰ ਸਪਸ਼ਟ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਇਹ ਆਗੂ ਚਾਹੁੰਦੇ ਸਨ ਕਿ ਮੈਂ ਸਮਝੌਤੇ ਕਰਾਂ ਤਾਂ ਜੋ ਇਹ ਐਮ ਪੀ ਅਤੇ ਮੰਤਰੀ ਬਣ ਸਕਣ ਪਰ ਮੈਂ ਇਹਨਾਂ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਕੌਮ ਅਤੇ ਪੰਜਾਬ ਦੇ ਮਸਲੇ ਹੱਲ ਕਰਨਾ ਉਹਨਾਂ ਦੀ ਸਭ ਤੋਂ ਵੱਡੀ ਤਰਜੀਹ ਹਨ ਅਤੇ ਜਦੋਂ ਤੱਕ ਇਹ ਹੱਲ ਨਹੀਂ ਹੁੰਦੇ, ਉਹ ਉਹਨਾਂ ਦੀਆਂ ਬੇਨਤੀਆਂ ਪ੍ਰਵਾਨ ਨਹੀਂ ਕਰ ਸਕਦੇ। ਅਕਾਲੀ ਦਲ ਦੇ ਪ੍ਰਧਾਨ ਨੇ ਸਪਸ਼ਟ ਕੀਤਾ ਕਿ ਉਹ ਪੰਜਾਬ ਦੀ ਹਿੱਤਾ ਖ਼ਾਤਰ ਮੋਹਰੀ ਹੋ ਕੇ ਲੜਾਈ ਲੜਨਗੇ ਅਤੇ ਕਦੇ ਵੀ ਕੇਂਦਰ ਅੱਗੇ ਨਹੀਂ ਝੁਕਣਗੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਲੋਕ ਜਾਨਣ ਜੋ ਅੱਜ ਦੀ ਕਾਨਫਰੰਸ ਵਿਚ ਲੱਖਾਂ ਵਿਚ ਆਏ ਹਨ ਤੇ ਉਹ ਆਗੂ ਨਹੀਂ ਆਏ ਜੋ ਆਪਣੇ ਨਿੱਜੀ ਹਿੱਤਾਂ ਦੀ ਖ਼ਾਤਰ ਪਾਰਟੀ ਛੱਡ ਗਏ, ਕਿ ਉਹ ਪੰਥ ਅਤੇ ਪੰਜਾਬ ਦੇ ਲਟਕਦੇ ਮਸਲੇ ਅਗਲੇ ਡੇਢ ਸਾਲਾਂ ਤੱਕ ਲੋਕਾਂ ਅੱਗੇ ਚੁੱਕਣਗੇ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਸਾਡੀਆਂ ਆਉਂਦੀਆਂ ਪੀੜੀਆਂ ਦੇ ਚੰਗੇਰੇ ਭਵਿੱਖ ਵਾਸਤੇ ਤੁਸੀਂ ਇਹਨਾਂ ਯਤਨਾਂ ਵਿਚ ਮੇਰੀ ਹਮਾਇਤ ਕਰੋ।
ਪੰਥ ਦੇ ਨਾਂ ’ਤੇ ਉਹਨਾਂ ਕੋਲ ਪਹੁੰਚ ਕਰਨ ਵਾਸਤੇ ਮੌਕਾਪ੍ਰਸਤਾਂ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸੂਬੇ ਵਿਚ ਇਕ ਨਵਾਂ ਚੁੱਲ੍ਹਾ ਦਲ ਸਥਾਪਿਤ ਕੀਤਾ ਗਿਆ ਹੈ ਜਿਸਦੇ ਚੁੱਲ੍ਹੇ ਵਾਸਤੇ ਗੈਸ ਮੁਫਤ ਵਿਚ ਕੇਂਦਰ ਵੱਲੋਂ ਦਿੱਤੀ ਜਾ ਰਹੀ ਹੈ ਤਾਂ ਜੋ ਪੰਜਾਬੀਆਂ ਨੂੰ ਵੰਡਿਆ ਜਾ ਸਕੇ। ਉਹਨਾਂ ਕਿਹਾ ਕਿ ਇਸੇ ਤਰੀਕੇ ਇਕ ਅਖੌਤੀ ਆਗੂ ਜੋ ਦੁਬਈ ਤੋਂ ਆਇਆ ਤੇ ਉਸਨੇ ਸਿੱਖ ’ਬਾਣਾ’ ਧਾਰਨ ਕਰ ਲਿਆ ਅਤੇ ਇਸਦੇ ਆਪਣੇ ਪਰਿਵਾਰਕ ਮੈਂਬਰ ਨਸ਼ੇੜੀ ਹਨ, ਨੇ ਪੰਜਾਬੀਆਂ ਨਾਲ ਧੋਖਾ ਕੀਤਾ ਤੇ ਪਿਛਲੀਆਂ ਪਾਰਲੀਮਾਨੀ ਚੋਣਾਂ ਵਿਚ ਵੋਟਾਂ ਹਾਸਲ ਕਰ ਲਈਆਂ।
ਸਰਦਾਰ ਬਾਦਲ ਨੇ ਲੋਕਾਂ ਨੂੰ ਅਜਿਹੀਆਂ ਤਾਕਤਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਉਹ ਹੱਥ ਜੋੜ ਕੇ ਅਪੀਲ ਕਰਦੇ ਹਨ ਕਿ ਪੰਜਾਬ ਨੂੰ ਬਚਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਹੇਠ ਇਕਜੁੱਟ ਹੋਇਆ ਜਾਵੇ ਕਿਉਂਕਿ ਸਿਰਫ ਅਕਾਲੀ ਦਲ ਹੀ ਸੂਬੇ ਦੇ ਹਿੱਤਾਂ ਦੀ ਰਾਖੀ ਕਰ ਸਕਦਾ ਹੈ ਅਤੇ ਇਹ ਹੀ ਆਪਣੀ ਸਰਕਾਰ ਵਿਚ ਹਰ ਮੁਹਾਜ਼ ’ਤੇ ਤੇਜ਼ ਰਫਤਾਰ ਵਿਕਾਸ ਯਕੀਨੀ ਬਣਾ ਸਕਦਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵੀ ਤਿੱਖਾ ਹਮਲਾ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਉਹ ਨਾ ਸਿਰਫ ਮੁੱਖ ਮੰਤਰੀ ਵਜੋਂ ਫੇਲ੍ਹ ਸਾਬਤ ਹੋਏ ਹਨ ਬਲਕਿ ਇਸ ਜ਼ਿਲ੍ਹੇ ਦੇ ਆਗੂ ਵਜੋਂ ਵੀ ਫੇਲ੍ਹ ਸਾਬਤ ਹੋਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੋਲ ਤਾਂ ਆਪਣੇ ਜ਼ਿਲ੍ਹੇ ਦਾ ਦੌਰਾ ਕਰਨ ਦੀ ਵਿਹਲ ਨਹੀਂ ਹੈ ਤੇ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਦਾ ਬਾਅਦ ਦੀਆਂ ਗੱਲਾਂ ਹਨ। ਉਹਨਾਂ ਕਿਹਾ ਕਿ ਲੋਕ ਦੱਸਣ ਕਿ ਕੀ ਭਗਵੰਤ ਮਾਨ ਨੇ ਇਸ ਜ਼ਿਲ੍ਹੇ ਵਿਚ ਇਕ ਵੀ ਸੜਕ, ਸਕੂਲ ਜਾਂ ਸਿੰਜਾਈ ਨਹਿਰ ਬਣਾਈ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਮਸਤੂਆਣਾ ਸਾਹਿਬ ਵਿਚ ਮੈਡੀਕਲ ਕਾਲਜ ਬਣਾਉਣਾ ਵੀ ਸੁਫਨਾ ਹੀ ਬਣ ਕੇ ਰਹਿ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਭਗਵੰਤ ਮਾਨ ਸਿਰਫ ਨਾਂ ਦਾ ਸੂਬਾ ਮੁਖੀ ਰਹਿ ਗਿਆ ਹੈ ਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਸਾਰੀ ਤਾਕਤ ਆਪਣੇ ਹੱਥਾਂ ਵਿਚ ਲੈ ਲਈ ਹੈ ਅਤੇ ਹੁਣ ਮੁਹਾਲੀ ਵਿਚ ਆਪਣਾ ਨਵਾਂ ਸ਼ੀਸ਼ ਮਹਿਲ ਵੀ ਬਣਾ ਲਿਆ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਵੀ ਚੰਡੀਗੜ੍ਹ ਆ ਕੇ ਰਹਿਣ ਲੱਗ ਪਏ ਹਨ ਤੇ ਉਹਨਾਂ ਸਾਰੇ ਮੰਤਰਾਲਿਆਂ ਦਾ ਕੰਟਰੋਲ ਆਪਣੇ ਹੱਥ ਵਿਚ ਲੈ ਲਿਆ ਹੈ। ਉਹਨਾਂ ਨੇ ਆਪ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਭੱਜਣ ਦਾ ਵੀ ਦੋਸ਼ ਲਾਇਆ ਅਤੇ ਉਹਨਾਂ ਨੂੰ ਚੇਤੇ ਕਰਵਾਇਆ ਕਿ ਅਕਾਲੀ ਦਲ ਨੇ ਹਮੇਸ਼ਾ ਆਪਣੇ ਵਾਅਦੇ ਨਿਭਾਏ ਹਨ ਭਾਵੇਂ ਉਹ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਉਣਾ ਹੋਵੇ, ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਦੀ ਸ਼ੁਰੂਆਤ ਹੋਵੇ ਸੂਬੇ ਭਰ ਵਿਚ ਐਕਸਪ੍ਰੈਸਵੇਅ ਬਣਾਉਣੇ ਹੋਣ, ਹਰ ਵਾਅਦਾ ਪੂਰਾ ਕੀਤਾ ਗਿਆ ਹੈ। ਸਰਦਾਰ ਬਾਦਲ ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀਆਂ ਚਿੰਤਾਵਾਂ ਦੂਰ ਕਰੇਗਾ ਤੇ ਉਹਨਾਂ ਦਾ ਭਵਿੱਖ ਸੁਰੱਖਿਅਤ ਬਣਾਵੇਗਾ। ਉਹਨਾਂ ਕਿਹਾ ਕਿ ਇਕ ਵਾਰ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਉਹ ਕਾਨੂੰਨ ਵਿਚ ਲੋੜੀਂਦੀ ਤਬਦੀਲੀ ਕਰ ਕੇ ਇਹ ਯਕੀਨੀ ਬਣਾਵੇਗੀ ਕਿ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਨੂੰ ਹੀ ਦਿੱਤੀਆਂ ਜਾਣ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਕਾਨੂੰਨ ਵਿਚ ਤਬਦੀਲੀ ਕਰ ਕੇ ਇਹ ਯਕੀਨੀ ਬਣਾਇਆ ਕਿ ਸਾਰੀਆਂ ਨਵੀਂਆਂ ਸਰਕਾਰੀ ਨੌਕਰੀਆਂ ਵਿਚੋਂ 50 ਫੀਸਦੀ ਪੰਜਾਬ ਤੋਂ ਬਾਹਰਲਿਆਂ ਨੂੰ ਮਿਲਣ ਜਿਹਨਾਂ ਵਿਚ ਬਹੁ ਗਿਣਤੀ ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਤੇ ਰਾਜਸਥਾਨ ਤੋਂ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਸਾਡੀ ਸਰਕਾਰ ਪੰਜਾਬ ਦੇ ਬਾਹਰਲਿਆਂ ਦੇ ਪੰਜਾਬ ਵਿਚ ਜਾਇਦਾਦ ਖਰੀਦਣ ’ਤੇ ਪਾਬੰਦੀ ਲਗਾਵੇਗੀ ਅਤੇ ਸਾਰੇ ਨਵੇਂ ਉਦਯੋਗਾਂ ਲਈ ਇਹ ਲਾਜ਼ਮੀ ਕਰੇਗੀ ਕਿ ਸਾਰੀਆਂ ਨੌਕਰੀਆਂ ਵਿਚ 80 ਫੀਸਦੀ ਨੌਕਰੀਆਂ ਪੰਜਾਬੀ ਮੁਲਾਜ਼ਮਾਂ ਨੂੰ ਮਿਲਣ।
ਇਸ ਮੌਕੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕਿਵੇਂ ਸਮੇਂ ਦੀਆਂ ਕੇਂਦਰ ਸਰਕਾਰਾਂ ਨੇ ਰਾਜੀਵ-ਲੌਂਗੋਵਾਲ ਸਮਝੌਤੇ ਤਹਿਤ ਸੰਤ ਲੌਂਗੋਵਾਲ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਇਨਕਾਰ ਕੀਤਾ, ਇਹਨਾਂ ਵਿਚ ਪੰਜਾਬ ਨੂੰ ਇਸਦੀ ਰਾਜਧਾਨੀ ਚੰਡੀਗੜ੍ਹ ਦੇਣਾ ਵੀ ਸ਼ਾਮਲ ਸੀ। ਉਹਨਾਂ ਨੇ ਉਸ ਕਾਨੂੰਨੀ ਤਜਵੀਜ਼ ਦਾ ਵੀ ਵਿਰੋਧ ਕੀਤਾ ਜਿਸ ਤਹਿਤ 30 ਦਿਨਾਂ ਤੱਕ ਜੇਲ੍ਹ ਵਿਚ ਰਹਿਣ ਵਾਲੇ ਆਗੂ ਨੂੰ ਮੁੱਖ ਮੰਤਰੀ ਤੇ ਮੰਤਰੀ ਦਾ ਅਹੁਦਾ ਗੁਆਉਣਾ ਪੈ ਸਕਦਾ ਹੈ। ਉਹਨਾਂ ਕਿਹਾ ਕਿ ਇਹ ਤਜਵੀਜ਼ ਤਾਂ ਲੋਕਤੰਤਰ ਦੀ ਬੁਨਿਆਦ ਨੂੰ ਹਿਲਾਉਣ ਵਾਲੀ ਹੈ ਕਿਉਂਕਿ ਹੁਣ ਐਨਫੋਰਸਮੈਂਟ ਡਾਇਰੈਕਟੋਰੇਟ ਵਰਗੀਆਂ ਕੇਂਦਰੀ ਏਜੰਸੀਆਂ ਕਦੇ ਵੀ ਮੁੱਖ ਮੰਤਰੀ ਤੇ ਮੰਤਰੀ ਬਣਾ ਜਾਂ ਹਟਾ ਸਕਦੀਆਂ ਹਨ।
ਇਸ ਮੌਕੇ ਬਲਦੇਵ ਸਿੰਘ ਮਾਨ, ਪਰਮਜੀਤ ਸਿੰਘ ਸਰਨਾ, ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਵਿਨਰਜੀਤ ਸਿੰਘ ਗੋਲਡੀ, ਮਾਸਟਰ ਤੇਜਿੰਦਰ ਸਿੰਘ ਸੰਘਰੇੜੀ, ਗੁਲਜ਼ਾਰੀ ਮੂਣਕ, ਸਤਨਾਮ ਰਾਹੀ, ਕੁਲਵੰਤ ਸਿੰਘ ਕੰਤਾ, ਜ਼ਾਹਿਦਾ ਸੁਲੇਮਾਨ, ਤੇਜਿੰਦਰ ਮਿੱਡੂਖੇੜਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਐਸ ਓ ਆਈ ਪ੍ਰਧਾਨ ਰਣਬੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਬਲਬੀਰ ਸਿੰਘ ਘੁੰਨਸ, ਬਲਦੇਵ ਸਿੰਘ ਚੁੰਘਾ, ਪਰਮਜੀਤ ਸਿੰਘ ਖਾਲਸਾ, ਅਤੇ ਗੁਰਲਾਲ ਸਿੰਘ ਫਤਿਹਗੜ੍ਹ ਤੇ ਪਰਮਜੀਤ ਕੌਰ ਵਿਰਕ ਨੇ ਵੀ ਸੰਬੋਧਨ ਕੀਤਾ।