ਸੁਨਾਮ : ਭਾਜਪਾ ਜ਼ਿਲ੍ਹਾ ਸੰਗਰੂਰ -2 ਦੇ ਪ੍ਰਧਾਨ ਦਾਮਨ ਥਿੰਦ ਬਾਜਵਾ ਬੁੱਧਵਾਰ ਨੂੰ ਲੌਂਗੋਵਾਲ ਵਿਖੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 40ਵੀਂ ਬਰਸੀ ਮੌਕੇ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਬੋਲਦਿਆਂ ਦਾਮਨ ਥਿੰਦ ਬਾਜਵਾ ਨੇ ਆਖਿਆ ਕਿ ਦਰਵੇਸ਼ ਸਿਆਸਤਦਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸ਼ਹਾਦਤ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਕਮਾਂ ਨੇ ਰਾਜੀਵ ਲੌਂਗੋਵਾਲ ਸਮਝੌਤੇ ਨੂੰ ਲਾਗੂ ਨਾ ਕਰਕੇ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਤੇ ਡਾਕਾ ਮਾਰਿਆ ਹੈ। ਉਨ੍ਹਾਂ ਆਖਿਆ ਕਿ ਸੰਤ ਲੌਂਗੋਵਾਲ ਨੇ ਸੂਬੇ ਦੀ ਬਿਹਤਰੀ ਅਤੇ ਅਮਨ ਸ਼ਾਂਤੀ ਲਈ ਸਮਝੌਤਾ ਕੀਤਾ ਸੀ। ਇਸ ਮੌਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸਿਆਸੀ ਵਾਰਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਜਪਾ ਆਗੂ ਦਾਮਨ ਬਾਜਵਾ ਨੂੰ ਸਿਰੋਪਾਓ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ਪਰਮਜੀਤ ਸਿੰਘ ਦੁੱਲਟ ਸਾਬਕਾ ਸਰਪੰਚ, ਰਾਜ ਸਿੰਘ ਗੋਬਿੰਦ ਨਗਰ ਸਾਬਕਾ ਸਰਪੰਚ, ਦਰਸਨ ਸਿੰਘ ਸਰਪੰਚ ਭਾਜਪਾ ਮੰਡਲ ਪ੍ਰਧਾਨ, ਨਰਿੰਦਰ ਸ਼ੇਰੋਂ ਭਾਜਪਾ ਮੰਡਲ ਪ੍ਰਧਾਨ, ਰਤਨ ਮੰਗੂ ਭਾਜਪਾ ਸਰਕਲ ਪ੍ਰਧਾਨ, ਸਾਬਕਾ ਵਾਈਸ ਚੇਅਰਮੈਨ ਹਿੰਮਤ ਬਾਜਵਾ, ਕੁਨਾਲ ਜਿੰਦਲ, ਕੇਵਲ ਸ਼ਰਮਾਂ ਆਦਿ ਹਾਜ਼ਰ ਸਨ।