ਪਟਿਆਲਾ : ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਨੇ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਉਪਰ ਪਾਬੰਦੀ ਲਗਾਉਣ ਲਈ ਸਮੂਹ ਕੰਬਾਇਨ ਮਾਲਕਾਂ ਨੂੰ ਅਪੀਲ ਕੀਤੀ ਕਿ ਸੁਪਰ ਐਸ.ਐਮ.ਐਸ. ਤੋ ਬਗੈਰ ਵਾਢੀ ਕਰਨ ਵਾਲੀਆਂ ਕੰਬਾਈਨਾਂ ਉਪਰ ਸਖ਼ਤੀ ਕੀਤੀ ਜਾਵੇਗੀ। ਉਹਨਾਂ ਅੱਜ ਕੰਬਾਇਨ ਮਾਲਕਾਂ ਨਾਲ ਬੈਠਕ ਕਰਕੇ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਂਵਾਂ ਦਾ ਜਾਇਜ਼ਾ ਲਿਆ।
ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕੀਤੇ ਜਾਣ ਸਬੰਧੀ ਬਾਬਤ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ, ਜਿਹਨਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਹਨਾਂ ਖੇਤੀਬਾੜੀ ਵਿਭਾਗ ਦੇ ਅਫ਼ਸਰਾਂ ਨੂੰ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਸਮੂਹ ਕਿਸਾਨਾਂ ਨੂੰ ਹਰੇਕ ਕੰਬਾਇਨ ਉਪਰ ਐਸ.ਐਮ.ਐਸ. ਲਗਾਉਣ ਲਈ ਜਾਗਰੂਕ ਕੀਤਾ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿੱਥੇ ਵੀ ਕਿਤੇ ਝੋਨੇ ਦੇ ਖੇਤਾਂ ਨੂੰ ਅੱਗ ਲਗਾਈ ਜਾਂਦੀ ਹੈ, ਉਸਨੂੰ ਫਾਇਰ ਬ੍ਰਿਗੇਡ ਨਾਲ ਤੁਰੰਤ ਬੁਝਾਇਆ ਜਾਵੇ। ਉਹਨਾਂ ਕਿਹਾ ਕਿ ਸਾਰੀਆਂ ਕੰਬਾਇਨਾਂ ਦੇ ਮਾਲਕ ਇਹ ਯਕੀਨੀ ਬਨਾਉਣ ਕਿ ਕੰਬਾਇਨਾਂ ਦੀ ਸੜਕਾਂ ਉਪਰ ਆਵਾਜਾਈ ਮੌਕੇ ਡਰਾਇਵਰ ਸੜਕ ਨਿਯਮਾਂ ਦੀ ਪਾਲਣਾ ਕਰਨ ਤਾਂ ਕਿ ਕੰਬਾਇਨ ਕਰਕੇ ਕੋਈ ਹਾਦਸਾ ਨਾ ਹੋਵੇ ਅਤੇ ਨਾਲ ਹੀ ਬਿਜਲੀ ਦੀਆਂ ਤਾਰਾਂ ਦਾ ਵੀ ਖਾਸ ਖਿਆਲ ਰੱਖਿਆ ਜਾਵੇ।
ਇਸ ਮੌਕੇ ਖੇਤੀਬਾੜੀ ਵਿਸਥਾਰ ਅਫ਼ਸਰ ਰਵਿੰਦਰ ਪਾਲ ਸਿੰਘ ਚੱਠਾ ਤੋਂ ਇਲਾਵਾ ਦਫ਼ਤਰ ਦੇ ਨੁਮਾਂਇੰਦਿਆਂ ਸਮੇਤ ਜ਼ਿਲ੍ਹੇ ਭਰ ਵਿਚੋਂ ਕੰਬਾਇਨ ਦੇ ਨਿਰਮਾਤਾ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।