ਖਨੌਰੀ : ਭਾਰਤੀ ਕਿਸਾਨ ਯੂਨੀਅਨ ਏਕਤਾ ਅਜਾਦ ਦੇ ਜ਼ਿਲ੍ਹਾ ਆਗੂ ਯਾਦਵਿੰਦਰ ਸਿੰਘ ਬੂਰੜ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋ ਪੰਜਾਬ ਵਿੱਚ ਆਪਣੀਆਂ ਹੱਕੀ ਮੰਗਾਂ ਲੜ ਰਹੇ ਹਰ ਇੱਕ ਅੰਦੋਲਨ ਨੂੰ ਕੁਚਲਣ ਲਈ ਦਮਨਕਾਰੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਪੰਜਾਬ ਦਾ ਹਰ ਇਕ ਸਰਮਾਇਆ ਕਾਰਪੋਰੇਟਾਂ ਦੇ ਹੱਥਾਂ ਵਿੱਚ ਦੇਣ ਲਈ ਹਰ ਇੱਕ ਹੱਥ ਕੰਡਾ ਵਰਤਿਆ ਜਾ ਰਿਹਾ ਹੈ। ਕਿਸਾਨ ਆਗੂ ਯਾਦਵਿੰਦਰ ਸਿੰਘ ਬੂਰੜ ਨੇ ਕਿਹਾ ਕਿ ਦੇਸ਼ ਦਾ ਸਰਮਾਇਆ ਕਾਰਪੋਰੇਟ ਘਰਾਣਿਆ ਦੇ ਹੱਥਾਂ ਵਿੱਚ ਦੇਣ ਲਈ ਜੋ 2020 ਵਿੱਚ ਤਿੰਨ ਕਾਲੇ ਕਾਨੂੰਨ ਲਿਆਦੇ ਗਏ ਸੀ। ਉਹਨਾਂ ਨੂੰ ਵਾਪਸ ਕਰਵਾਉਣ ਲਈ 750 ਤੋਂ ਉਪਰ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਸਹਾਦਤਾਂ ਦੇ ਕੇ ਉਹ ਕਾਲੇ ਕਾਨੂੰਨ ਰੱਦ ਕਰਵਾਏ ਸਨ।ਕਿਸਾਨੀ ਅੰਦੋਲਨ ਸਮੇਂ ਮੋਰਚਾ ਫਹਿਤ ਹੋਣ ਉਪਰੰਤ ਕੇਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਰੱਦ ਦੇ ਨਾਲ ਨਾਲ ਬਿਜਲੀ ਸੋਧ ਬਿੱਲ 2020 ਨੂੰ ਵਾਪਸ ਲੈਣ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਉਸੇ ਸੋਧ ਬਿਜਲੀ ਬਿੱਲ 2020 ਨੂੰ ਪੰਜਾਬ ਸਰਕਾਰ ਵੱਲੋਂ ਚਿੱਪ ਵਾਲੇ ਮੀਟਰ ਲਗਾ ਕੇ ਪਿਛਲੇ ਦਰਵਾਜੇ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਯਾਦਵਿੰਦਰ ਸਿੰਘ ਬੂਰੜ ਨੇ ਕਿਹਾ ਕਿ ਪੰਜਾਬ ਦੇ ਸਰਮਾਏ ਬਿਜਲੀ ਬੋਰਡ ਨੂੰ ਕਾਰਪੋਰੇਟ ਘਰਾਣਿਆ ਦੇ ਹੱਥਾਂ ਵਿੱਚ ਜਾਣ ਤੋਂ ਬਚਾਉਣ ਦੇ ਲਈ ਕਿਸਾਨ ਅਤੇ ਮਜਦੂਰ ਜਥੇਬੰਦੀਆਂ ਦੇ ਨਾਲ ਨਾਲ ਬਿਜਲੀ ਵਿਭਾਗ ਦੀਆਂ ਮੁਲਾਜ਼ਮ ਜਥੇਬੰਦੀਆ ਵੱਲੋਂ ਸੰਘਰਸ਼ ਲੜਿਆ ਜਾ ਰਹੇ ਹੈ। ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਖੜਦਿਆ ਕੇਂਦਰ ਸਰਕਾਰ ਵੱਲੋਂ ਲਿਆਦੇ ਜਾ ਰਹੇ ਬਿਜਲੀ ਦੇ ਬਿੱਲ 2025 ਦੇ ਖਿਲਾਫ ਵਿਧਾਨ ਸਭਾ ਵਿੱਚ ਮਤਾ ਪਾਸ ਕਰਨਾ ਚਾਹੀਦਾ ਹੈ। ਤਾਂ ਕਿ ਪੂਰਨ ਰੂਪ ਵਿੱਚ ਬਿਜਲੀ ਦਾ ਨਿੱਜੀਕਰਨ ਨਾਂ ਕੀਤਾ ਜਾ ਸਕੇ ਅਤੇ ਚਿੱਪ ਵਾਲੇ ਮੀਟਰਾਂ ਤੇ ਪਾਬੰਦੀ ਲਗਾਈ ਜਾਵੇ। ਉਨ੍ਹਾਂ ਦੱਸਿਆ ਕਿ ਕਿਸਾਨ ਮਜਦੂਰ ਮੋਰਚੇ ਦੇ ਸੱਦੇ ਤਹਿਤ ਪੰਜਾਬ ਭਰ ਤੋਂ 20 ਅਗਸਤ ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਕੁਕੜ ਦਾਣਾ ਮੰਡੀ ਵਿੱਚ ਖੇਤ ਬਚਾਉ, ਪਿੰਡ ਬਚਾਉ, ਪੰਜਾਬ ਬਚਾਉ, ਮੁਹਿੰਮ ਤਹਿਤ ਵੱਡੀ ਮਹਾਂਪੰਚਾਇਤ ਹੋਵੇਗੀ। ਜਿਸ ਵਿੱਚ ਪੰਜਾਬ ਭਰ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ, ਬਜ਼ੁਰਗ, ਨੌਜਵਾਨ, ਮਜਦੂਰ ਤੇ ਔਰਤਾਂ ਸ਼ਾਮਿਲ ਹੋਣਗੀਆਂ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ, ਨੌਜਵਾਨ, ਬਜੁਰਗ, ਮਜਦੂਰ, ਔਰਤਾਂ ਵੱਡੀ ਗਿਣਤੀ ਵਿੱਚ ਇਸ ਮਹਾਂਪੰਚਾਇਤ ਵਿਚ ਸ਼ਮੂਲੀਅਤ ਕਰਨਗੇ।