ਜਲੰਧਰ : ਦੇਸ਼ ਦੀ ਅਜ਼ਾਦੀ ਦੀ 79ਵੀਂ ਵਰ੍ਹੇਗੰਢ ਮੌਕੇ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਸ਼ੁਰੂ ਕੀਤੀ ਗਈ ਹਰ ਘਰ ਤਿਰੰਗਾ ਮੁਹਿੰਮ ਨੂੰ ਦੇਸ਼ ਭਰ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗੁਵਾਈ ਹੇਠ ਚਲਾਈ ਜਾ ਰਹੀ 'ਹਰ ਘਰ ਤਿਰੰਗਾ' ਮੁਹਿੰਮ ਵਿੱਚ ਹਰ ਦੇਸ਼ ਵਾਸੀ ਉਤਸ਼ਾਹ ਨਾਲ ਹਿੱਸਾ ਲੈ ਰਿਹਾ ਹੈ। ਇਸੇ ਲੜੀ ਤਹਿਤ ਬੁੱਧਵਾਰ ਨੂੰ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਪੱਤਰ ਸੂਚਨਾ ਦਫਤਰ, ਜਲੰਧਰ ਵੱਲੋਂ 'ਹਰ ਘਰ ਤਿਰੰਗਾ' ਮੁਹਿੰਮ ਤਹਿਤ ਤਿਰੰਗਾ ਲਹਿਰਾਇਆ ਗਿਆ।
ਇਸ ਮੌਕੇ ਪੀਆਈਬੀ ਜਲੰਧਰ ਦੇ ਮੁਖੀ ਗੁਰਮੀਤ ਸਿੰਘ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਮੁੱਖ ਮਕਸਦ ਲੋਕਾਂ ਵਿੱਚ ਕੌਮੀ ਤਿਰੰਗੇ ਦੀ ਭਾਵਨਾ ਨੂੰ ਹੋਰ ਡੂੰਘਾ ਕਰਨਾ ਹੈ। ਜਦੋਂ ਹਰ ਘਰ 'ਤੇ ਤਿਰੰਗਾ ਲਹਿਰਾਏਗਾ, ਤਾਂ ਇਹ ਸਾਨੂੰ ਆਪਣੀ ਸਾਂਝੀ ਪਛਾਣ ਅਤੇ ਦੇਸ਼ ਪ੍ਰਤੀ ਫ਼ਰਜ਼ਾਂ ਦੀ ਯਾਦ ਦਿਵਾਏਗਾ।
ਇਸ ਮੌਕੇ ਸੂਚਨਾ ਸਹਾਇਕ ਸੁਖਦੀਪ ਸਿੰਘ ਨੇ ਕਿਹਾ ਕਿ ਸਾਡਾ ਦੇਸ਼ ਉਦੋਂ ਹੋਰ ਤੇਜ਼ੀ ਨਾਲ ਤਰੱਕੀ ਕਰੇਗਾ, ਜਦੋਂ ਸਾਰੇ ਦੇਸ਼ਵਾਸੀਆਂ ਅੰਦਰ ਏਕਤਾ ਦੀ ਭਾਵਨਾ ਡੂੰਘੇ ਤੌਰ 'ਤੇ ਪ੍ਰਫੁੱਲਿਤ ਹੋਵੇਗੀ ਅਤੇ ਹਰ ਘਰ ਤਿਰੰਗਾ ਮੁਹਿੰਮ ਇਸ 'ਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਮੌਕੇ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਹਰ ਘਰ ਤਿਰੰਗਾ ਮੁਹਿੰਮ ਨੂੰ ਘਰ ਘਰ ਪਹੁੰਚਾਉਣ ਸਬੰਧੀ ਇੱਕ ਸੰਹੁ ਵੀ ਚੁੱਕੀ ਗਈ।
ਜ਼ਿਕਰਯੋਗ ਹੈ ਕਿ ਦੇਸ਼ਵਾਸੀ ਇਸ ਮੁਹਿੰਮ ਤਹਿਤ ਆਪੋ-ਆਪਣੇ ਘਰਾਂ 'ਤੇ ਕੌਮੀ ਤਿਰੰਗਾ ਲਹਿਰਾ ਰਹੇ ਨੇ ਕਿਉਂਕਿ ਤਿਰੰਗਾ ਸਾਡੇ ਦੇਸ਼ ਦੀ ਸ਼ਾਨ ਦਾ ਪ੍ਰਤੀਕ ਹੈ। ਹਰ ਘਰ ਤਿਰੰਗਾ ਪਹਿਲਕਦਮੀ ਹਰ ਨਾਗਰਿਕ ਅੰਦਰ ਦੇਸ਼ ਭਗਤੀ ਦੀ ਡੂੰਘੀ ਭਾਵਨਾ ਪੈਦਾ ਕਰਨ ਅਤੇ ਸਾਡੇ ਕੌਮੀ ਝੰਡੇ ਦੀ ਮਹੱਤਤਾ ਦੀ ਵਧੇਰੇ ਸਮਝ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਸਾਲ 2022 ਵਿੱਚ ਸ਼ੁਰੂ ਹੋਈ ਇਹ ਮੁਹਿੰਮ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਪਿਰੋਣ ਅਤੇ ਰਾਸ਼ਟਰ ਪ੍ਰੇਮ ਦੀ ਭਾਵਨਾ ਨੂੰ ਹੋਰ ਮਜ਼ਬੂਤੀ ਦੇਣ ਵਿੱਚ ਸਹਾਈ ਸਾਬਿਤ ਹੋਈ ਹੈ ਅਤੇ ਇਸਨੇ ਇਕ ਜਨ ਅੰਦੋਲਨ ਦਾ ਰੂਪ ਅਖਤਿਆਰ ਕਰ ਲਿਆ ਹੈ। ਇਹ ਅਭਿਆਨ ਦਰਸਾਉਂਦਾ ਹੈ ਕਿ ਅਣਗਿਣਤ ਆਜ਼ਾਦੀ ਘੁਲਾਟੀਆਂ ਨੇ ਆਪਣੇ ਤਿਆਗ, ਤਪ ਅਤੇ ਸਮਰਪਣ ਨਾਲ ਜਿਸ ਆਜ਼ਾਦ ਭਾਰਤ ਦਾ ਸੁਫ਼ਨਾ ਸਾਕਾਰ ਕੀਤਾ ਸੀ, ਉਸ ਨੂੰ ਵਿਕਸਿਤ ਅਤੇ ਸਰਬਸ਼੍ਰੇਸ਼ਠ ਬਣਾਉਣ ਲਈ 140 ਕਰੋੜ ਦੇਸ਼ਵਾਸੀ ਸੰਕਲਪਿਤ ਹਨ।