ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਟੇਕਣਗੇ ਮੱਥਾ, ਪੰਜਾਬ ਵਿੱਚ ਸ਼ਾਂਤੀ, ਖੁਸ਼ਹਾਲੀ, ਸਦਭਾਵਨਾ ਅਤੇ ਭਾਈਚਾਰੇ ਲਈ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਅੱਗੇ ਕਰਨਗੇ ਅਰਦਾਸ
ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਹਰ ਪਿੰਡ ਤੱਕ, ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਲਈ ਸਾਲ ਭਰ ਚੱਲਣ ਵਾਲੀ ਮੁਹਿੰਮ ਦੀ ਸ਼ੁਰੂਆਤ
649ਵੇਂ ਪ੍ਰਕਾਸ਼ ਪੁਰਬ ਤੋਂ ਹੀ ਸਾਲ ਭਰ ਦੇ ਸਮਾਗਮ ਸ਼ੁਰੂ ਕਰਕੇ 2027 ਵਿੱਚ ਆਉਣ ਵਾਲੇ ਇਤਿਹਾਸਕ 650ਵੇਂ ਪ੍ਰਕਾਸ਼ ਪੁਰਬ ਦੀ ਕੀਤੀ ਜਾ ਰਹੀ ਹੈ ਤਿਆਰੀ: ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ
ਸ੍ਰੀ ਖੁਰਾਲਗੜ੍ਹ ਸਾਹਿਬ ਸਮੂਹ ਦੇਸ਼ ਦੀ ਸ਼ਰਧਾ ਦਾ ਕੇਂਦਰ, 650ਵੇਂ ਪ੍ਰਕਾਸ਼ ਪੁਰਬ ਲਈ ਸਾਲ ਭਰ ਦੇ ਵਿਸ਼ੇਸ਼ ਪ੍ਰੋਗਰਾਮ ਤੈਅ: ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ
ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਰਾਹੀਂ ਜਾਤ-ਪਾਤ ਅਤੇ ਭੇਦਭਾਵ ਤੋਂ ਉੱਪਰ ਉਠਣਾ ਸਮੇਂ ਦੀ ਵੱਡੀ ਲੋੜ: ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ
ਪਹਿਲੇ ਦਿਨ ਕੈਬਨਿਟ ਮੰਤਰੀਆਂ, ਡਿਪਟੀ ਸਪੀਕਰ ਅਤੇ ਹੋਰ ਪਤਵੰਤਿਆਂ ਨੇ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ
ਗੜ੍ਹਸ਼ੰਕਰ/ਹੁਸ਼ਿਆਰਪੁਰ : ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪਵਿੱਤਰ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਅੱਜ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਰਾਜ ਪੱਧਰੀ ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਨਾਲ ਹੋਈ। ਇਹ ਵਿਸ਼ਾਲ ਸਮਾਗਮ 6 ਫਰਵਰੀ ਤੱਕ ਜਾਰੀ ਰਹੇਗਾ ਅਤੇ ਉਸੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਸਮਾਗਮ ਦੇ ਆਖ਼ਰੀ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਰੂ ਚਰਨਾਂ ਵਿਚ ਮੱਥਾ ਟੇਕਣਗੇ ਅਤੇ ਸੂਬੇ ਦੀ ਖੁਸ਼ੀ, ਖੁਸ਼ਹਾਲੀ ਅਤੇ ਭਾਈਚਾਰੇ ਲਈ ਅਰਦਾਸ ਕਰਨਗੇ। ਇਸ ਮੌਕੇ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸੰਤ ਕੇਵਲ ਸਿੰਘ, ਪ੍ਰਧਾਨ ਸ੍ਰੀ ਗੁਰੂ ਸਾਧੂ ਸੰਪਰਦਾ ਸੁਸਾਇਟੀ ਪੰਜਾਬ ਸੰਤ ਨਿਰਮਲ ਦਾਸ ਜੀ ਜੌੜੇ ਵਾਲੇ, ਰਾਸ਼ਟਰੀ ਪ੍ਰਧਾਨ ਆਦਿ ਧਰਮ ਮਿਸ਼ਨ ਸੰਤ ਸਤਵਿੰਦਰ ਹੀਰਾ, ਸੰਤ ਦਿਆਲ ਨਾਥ ਸਮੁੰਦੜਾ, ਸੰਤ ਜਗੀਰ ਸਿੰਘ ਨੰਦਾਚੌਰ, ਧਾਮ ਚਾਨਣ ਪੁਰੀ ਸਹੌੜਾ ਤੋਂ ਸੰਤ ਧਰਮਪਾਲ, ਤੱਗੜ ਬਰਾੜਾ ਤੋਂ ਬਲਕਾਰ ਸਿੰਘ, ਸ਼ੇਰਪੁਰ ਤੋਂ ਸੰਤ ਰਮੇਸ਼ ਦਾਸ, ਪਿੰਡ ਚੇਤਾ ਤੋਂ ਸੰਤ ਮਨਪ੍ਰੀਤ ਦਾਸ, ਢਿੰਗਰੀਆਂ ਤੋਂ ਸੰਤ ਬਲਵੰਤ ਸਿੰਘ, ਪੰਡੋਰੀ ਸੱਧਾਂ ਤੋਂ ਸਤਨਾਮ ਸਿੰਘ, ਬੱਸੀ ਮਰੂਫ ਤੋਂ ਸੰਤ ਕੁਲਦੀਪ ਸਿੰਘ ਤੋਂ ਇਲਾਵਾ ਹੋਰ ਸੰਤ ਸਮਾਜ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਅੱਜ ਕੈਬਨਿਟ ਮੰਤਰੀਆਂ ਹਰਪਾਲ ਸਿੰਘ ਚੀਮਾ, ਤਰੁਨਪ੍ਰੀਤ ਸਿੰਘ ਸੌਂਦ, ਹਰਜੋਤ ਸਿੰਘ ਬੈਂਸ, ਡਾ. ਰਵਜੋਤ ਸਿੰਘ ਅਤੇ ਲਾਲ ਚੰਦ ਕਟਾਰੂਚੱਕ ਤੋਂ ਇਲਾਵਾ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਚੇਅਰਮੈਨ ਐਸ.ਸੀ ਕਮਿਸ਼ਨ ਜਸਵੀਰ ਸਿੰਘ ਗੜ੍ਹੀ, ਵਿਧਾਇਕ ਡਾ. ਇਸ਼ਾਂਕ ਕੁਮਾਰ, ਸੱਭਿਆਚਾਰ ਅਤੇ ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਅਤੇ ਹੋਰ ਪਤਵੰਤਿਆਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ।
ਗੁਰੂ ਚਰਨਾਂ ਵਿੱਚ ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਪੁਰਬ ਸਾਲ 2027 ਵਿੱਚ ਇਤਿਹਾਸਕ ਅਤੇ ਵਿਸ਼ਾਲ ਪੱਧਰ 'ਤੇ ਮਨਾਇਆ ਜਾਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ 649ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ 4 ਫਰਵਰੀ ਤੋਂ ਸਾਲ ਭਰ ਚੱਲਣ ਵਾਲੇ ਜਸ਼ਨਾਂ ਦੀ ਇਕ ਲੜੀ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੀਆਂ ਮਹਾਨ ਸਿੱਖਿਆਵਾਂ ਸਮਾਜਿਕ ਸਦਭਾਵਨਾ, ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਦਾ ਸੰਦੇਸ਼ ਦਿੰਦੀਆਂ ਹਨ, ਜਿਸ ਨੂੰ ਹਰ ਵਿਅਕਤੀ ਤੱਕ ਪਹੁੰਚਾਉਣਾ ਸਰਕਾਰ ਦੀ ਤਰਜੀਹ ਹੈ। ਇਸ ਤਹਿਤ ਰਾਜ ਦੇ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਨੂੰ ਗੁਰੂ ਜੀ ਦੇ ਜੀਵਨ, ਦਰਸ਼ਨ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗੁਰੂ ਮਹਾਰਾਜ ਜੀ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਲਈ ਵਿਸ਼ੇਸ਼ ਪ੍ਰੋਗਰਾਮ ਤਿਆਰ ਕੀਤੇ ਜਾ ਰਹੇ ਹਨ।
ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਦਾ ਬਹੁਤ ਇਤਿਹਾਸਕ ਅਤੇ ਅਧਿਆਤਮਿਕ ਮਹੱਤਵ ਹੈ ਅਤੇ ਇਥੇ ਹੋਣ ਵਾਲੇ ਸਮਾਗਮ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਮਾਜ ਨੂੰ ਸਮਾਨਤਾ, ਭਾਈਚਾਰਾ, ਪਿਆਰ ਅਤੇ ਮਨੁੱਖੀ ਭਲਾਈ ਦਾ ਸੰਦੇਸ਼ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਖੁਰਾਲਗੜ੍ਹ ਸਾਹਿਬ ਵਿੱਚ ਹੋਣ ਵਾਲਾ ਇਹ ਰਾਜ ਪੱਧਰੀ ਸਮਾਗਮ ਸਮਾਜਿਕ ਸਦਭਾਵਨਾ ਨੂੰ ਹੋਰ ਮਜ਼ਬੂਤ ਕਰਨ ਲਈ ਇਕ ਸ਼ਕਤੀਸ਼ਾਲੀ ਮਾਧਿਅਮ ਬਣੇਗਾ।
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਨਾ ਸਿਰਫ਼ ਪੰਜਾਬ ਦੇ ਸ਼ਰਧਾਲੂਆਂ ਲਈ ਸਗੋਂ ਪੂਰੇ ਦੇਸ਼ ਲਈ ਇਕ ਮਹਾਨ ਆਸਥਾ ਦਾ ਕੇਂਦਰ ਹੈ। ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਸਮਾਜ ਵਿੱਚ ਸਮਾਨਤਾ, ਪਿਆਰ ਅਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸ਼ੁਭ ਮੌਕੇ 'ਤੇ ਸੰਗਤ ਦੀ ਸਹੂਲਤ ਲਈ ਸਾਰੇ ਜ਼ਰੂਰੀ ਪ੍ਰਬੰਧ ਯਕੀਨੀ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਲ 2027 ਵਿੱਚ ਗੁਰੂ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸਾਲ ਭਰ ਕਈ ਪ੍ਰੋਗਰਾਮਾਂ ਦਾ ਆਯੋਜਨ ਕਰ ਰਹੀ ਹੈ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਦਾ ਜੀਵਨ ਸੰਘਰਸ਼, ਤਪੱਸਿਆ ਅਤੇ ਮਨੁੱਖੀ ਭਲਾਈ ਦਾ ਪ੍ਰਤੀਕ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਸਮਾਜ ਨੂੰ ਸਹੀ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਧਾਰਮਿਕ ਸਥਾਨਾਂ ਦੇ ਵਿਕਾਸ ਅਤੇ ਸ਼ਰਧਾਲੂਆਂ ਲਈ ਸਹੂਲਤਾਂ ਲਈ ਲਗਾਤਾਰ ਯਤਨਸ਼ੀਲ ਹੈ।
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਮਾਜ ਨੂੰ ਜਾਤ-ਪਾਤ, ਭੇਦਭਾਵ ਅਤੇ ਊਚ-ਨੀਚ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੇ ਵਿਚਾਰ ਅੱਜ ਹੋਰ ਵੀ ਢੁੱਕਵੇਂ ਹਨ। ਉਨ੍ਹਾਂ ਨੇ ਸੰਗਤਾਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਅਪੀਲ ਕੀਤੀ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਨੁਸਾਰ ਸਮਾਜ ਵਿੱਚ ਸਦਭਾਵਨਾ, ਭਾਈਚਾਰਾ ਅਤੇ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਇਸ ਮੌਕੇ ਚੇਅਰਮੈਨ ਪੰਜਾਬ ਐਸ.ਸੀ. ਕਮਿਸ਼ਨ ਡਾ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਸਮਾਜਿਕ ਨਿਆਂ, ਸਮਾਨਤਾ ਅਤੇ ਮਨੁੱਖੀ ਭਲਾਈ ਲਈ ਇੱਕ ਮਜ਼ਬੂਤ ਪ੍ਰੇਰਨਾ ਹਨ। ਗੁਰੂ ਜੀ ਨੇ ਆਪਣੇ ਜੀਵਨ ਅਤੇ ਸਿੱਖਿਆਵਾਂ ਰਾਹੀਂ ਸਮਾਜ ਵਿੱਚ ਪ੍ਰਚਲਿਤ ਵਿਤਕਰੇ, ਊਚ-ਨੀਚ ਅਤੇ ਅਸਮਾਨਤਾ ਨੂੰ ਖ਼ਤਮ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਗੁਰੂ ਰਵਿਦਾਸ ਜੀ ਦੇ ਵਿਚਾਰਾਂ ਨੂੰ ਲਾਗੂ ਕਰਨ ਲਈ ਲਗਾਤਾਰ ਯਤਨਸ਼ੀਲ ਹਾਂ ਅਤੇ ਅਨੁਸੂਚਿਤ ਜਾਤੀਆਂ ਦੀ ਸਮਾਜਿਕ, ਵਿੱਦਿਅਕ ਅਤੇ ਆਰਥਿਕ ਉੱਨਤੀ ਲਈ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਅਜਿਹੇ ਇਕੱਠ ਸਮਾਜ ਵਿੱਚ ਏਕਤਾ, ਭਾਈਚਾਰਾ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਦੇ ਹਨ।
ਵਿਧਾਇਕ ਚੱਬੇਵਾਲ ਡਾ. ਇਸ਼ਾਂਕ ਕੁਮਾਰ ਚੱਬੇਵਾਲ ਨੇ ਕਿਹਾ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਆਯੋਜਿਤ ਇਹ ਰਾਜ ਪੱਧਰੀ ਇਕੱਠ ਸੰਗਤ ਲਈ ਅਧਿਆਤਮਿਕ ਊਰਜਾ ਦਾ ਕੇਂਦਰ ਹੈ। ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਸਾਨੂੰ ਸੱਚ, ਦਇਆ, ਸੇਵਾ ਅਤੇ ਸਮਰਪਣ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਜੀ ਦੇ ਵਿਚਾਰਾਂ ਨੂੰ ਅਪਣਾ ਕੇ ਹੀ ਸਮਾਨਤਾਵਾਦੀ ਅਤੇ ਮਜ਼ਬੂਤ ਸਮਾਜ ਦੀ ਉਸਾਰੀ ਸੰਭਵ ਹੈ। ਇਸ ਤਰ੍ਹਾਂ ਦੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦੇ ਹਨ, ਜੋ ਕਿ ਸਮਾਜ ਦੇ ਉੱਜਵਲ ਭਵਿੱਖ ਲਈ ਜ਼ਰੂਰੀ ਹੈ।
ਇਸ ਮੌਕੇ ਚੇਅਰਮੈਨ ਐਸ.ਸੀ. ਵਿੰਗ ਪੰਜਾਬ ਗੁਰਪ੍ਰੀਤ ਸਿੰਘ ਜੀ.ਪੀ., ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਡਾਇਰੈਕਟਰ ਸੈਰ-ਸਪਾਟਾ ਵਿਭਾਗ ਸੰਜੀਵ ਤਿਵਾੜੀ, ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ, ਨਗਰ ਨਿਗਮ ਕਮਿਸ਼ਨਰ ਜਯੋਤੀ ਬਾਲਾ,ਐਸ.ਡੀ.ਐਮ ਮੁਕੇਰੀਆਂ ਓਇਸ਼ੀ ਮੰਡਲ, ਐਸ.ਡੀ.ਐਮ ਗੜ੍ਹਸ਼ੰਕਰ ਸੰਜੀਵ ਕੁਮਾਰ, ਐਸ.ਡੀ.ਐਮ ਦਸੂਹਾ ਕੰਵਲਜੀਤ ਸਿੰਘ, ਐਸ.ਡੀ.ਐਮ ਟਾਂਡਾ ਲਵਪ੍ਰੀਤ ਸਿੰਘ, ਸਹਾਇਕ ਕਮਿਸ਼ਨਰ ਪਰਮਪ੍ਰੀਤ ਸਿੰਘ ਸਮੇਤ ਕਈ ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ। ਸਾਰਿਆਂ ਨੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਸੂਬੇ ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਲਈ ਅਰਦਾਸ ਕੀਤੀ।