ਸੁਨਾਮ : ਪੰਜਾਬ ਵਿਧਾਨ ਸਭਾ ਦੀਆਂ 2027 ਵਿੱਚ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਨੇ ਵੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਸੋਮਵਾਰ ਨੂੰ ਸੁਨਾਮ ਵਿਖੇ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਸੁਨਾਮ ਦੀ ਇੱਕ ਮੀਟਿੰਗ ਕਾਂਗਰਸ ਭਵਨ ਵਿਖੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜੈਚ ਦੀ ਅਗਵਾਈ ਹੇਠ ਹੋਈ। ਇਸ ਮੌਕੇ ਕਾਂਗਰਸ ਕਮੇਟੀ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿੰਘ ਸਿਬੀਆ, ਆਬਜ਼ਰਵਰ ਗੁਰਪ੍ਰੀਤ ਸਿੰਘ ਲੱਕੀ ਪੱਖੋ, ਕੋਆਰਡੀਨੇਟਰ ਗੁਰਪਿਆਰ ਧੂਰਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਦੌਰਾਨ ਸੁਨਾਮ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਸਮਝੇ ਜਾਂਦੇ ਆਗੂ ਇੱਕਜੁੱਟ ਦਿਖਾਈ ਦਿੱਤੇ। ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਨੇ ਦੱਸਿਆ ਕਿ ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਕਾਂਗਰਸ ਪਾਰਟੀ ਨੂੰ ਬੂਥ ਪੱਧਰ ਤੇ ਮਜ਼ਬੂਤ ਕਰਨ ਲਈ ਲਾਮਬੰਦੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਬੂਥ ਪੱਧਰ ਤੱਕ ਲਿਜਾਇਆ ਜਾ ਸਕੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਰਿੰਦਰਪਾਲ ਸਿੰਘ ਸਿਬੀਆ ਨੇ ਆਖਿਆ ਕਿ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਨੇ ਭਾਰਤੀ ਚੋਣ ਕਮਿਸ਼ਨ ਵੱਲੋਂ ਬੀ.ਜੇ.ਪੀ. ਦੇ ਹੱਕ ਵਿੱਚ ਵੋਟਾਂ ਦੀ ਧਾਂਦਲੀ ਨੂੰ ਜੱਗ ਜ਼ਾਹਰ ਕਰਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਇਸ ਦਾ ਪ੍ਰਚਾਰ ਹੇਠਲੇ ਪੱਧਰ ਤੱਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਭਾਰਤੀ ਜਨਤਾ ਪਾਰਟੀ ਦੀ ਚੋਣ ਕਮਿਸ਼ਨ ਨਾਲ ਸਾਂਝ ਨੂੰ ਨੰਗਾ ਕੀਤਾ ਜਾ ਸਕੇ। ਉਨ੍ਹਾਂ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਆਪਸੀ ਮੱਤਭੇਦ ਭੁਲਾਕੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਪੰਜਾਬ ਅੰਦਰ ਸਰਕਾਰ ਬਣਾਉਣ ਲਈ ਯਤਨ ਕਰਨ। ਬੁਲਾਰਿਆਂ ਨੇ ਸੂਬਾ ਸਰਕਾਰ ਵੱਲੋਂ ਲਿਆਂਦੀ ਲੈਂਡ ਪੂਲਿੰਗ ਨੀਤੀ ਦੀ ਵੀ ਨਿੰਦਾ ਕੀਤੀ। ਇਸ ਮੌਕੇ ਜਸਵਿੰਦਰ ਸਿੰਘ ਧੀਮਾਨ,ਰਾਜਿੰਦਰ ਦੀਪਾ, ਰਾਜਿੰਦਰ ਸਿੰਘ ਰਾਜਾ ਬੀਰਕਲਾਂ, ਪ੍ਰਮੋਦ ਅਵਸਥੀ, ਪਵਨਜੀਤ ਸਿੰਘ ਹੰਝਰਾ, ਸੁਰਿੰਦਰ ਸਿੰਘ ਭਰੂਰ, ਸ਼ਸ਼ੀ ਬਾਲਾ, ਕਰਮਜੀਤ ਕੌਰ ਮਾਡਲ ਟਾਊਨ, ਜਸਵੰਤ ਸਿੰਘ ਭੰਮ, ਸੋਹਣੀ ਇੰਦਰਾ ਬਸਤੀ, ਯਸ਼ ਬਰਾੜ, ਸਾਹਿਲ ਜੋੜਾ ਸਮੇਤ ਹੋਰ ਆਗੂ ਹਾਜ਼ਰ ਸਨ।