ਪਟਿਆਲਾ : ਪਨਗਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਜ਼ਿਲ੍ਹਾ ਪਟਿਆਲਾ ਵਿਖੇ ਪਨਗਰੇਨ ਦੇ ਸਰਕਲ ਦਫ਼ਤਰ ਸਟਾਫ ਅਤੇ ਫੀਲਡ ਸਟਾਫ ਨਾਲ ਮੀਟਿੰਗ ਕਰਕੇ ਫੀਲਡ ਸਟਾਫ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਹੋਰ ਵਿਭਾਗੀ ਸਮੱਸਿਆਵਾਂ ਬਾਰੇ ਚਰਚਾ ਕੀਤੀ।
ਪਟਿਆਲਾ ਫੂਡ ਸਪਲਾਈ ਮਹਿਕਮੇ ਦੇ ਅਧਿਕਾਰੀਆਂ ਨਾਲ ਹੋਈ ਇਸ ਮੀਟਿੰਗ ਵਿੱਚ ਫੀਲਡ ਸਟਾਫ ਨੇ ਆਪਣੀਆਂ ਮੁਸ਼ਕਿਲਾਂ ਬਾਰੇ ਚੇਅਰਮੈਨ ਪਨਗਰੇਨ ਨੂੰ ਜਾਣੂ ਕਰਵਾਇਆ ਅਤੇ ਦਫਤਰ ਸਟਾਫ ਨੇ ਵੀ ਆਪਣੀਆਂ ਸਮੱਸਿਆਵਾਂ ਬਾਰੇ ਚੇਅਰਮੈਨ ਨਾਲ ਵਿਚਾਰ ਚਰਚਾ ਕੀਤੀ। ਮੁਲਾਜਮਾਂ ਨੇ ਕਿਹਾ ਕਿ ਪਟਿਆਲਾ ਜ਼ਿਲ੍ਹਾ ਇੱਕ ਬਾਰਡਰ ਜ਼ਿਲ੍ਹਾ ਹੋਣ ਕਾਰਨ ਚੌਲਾਂ ਦੇ ਸੀਜ਼ਨ ਵਿੱਚ ਬਾਹਰ ਤੋਂ ਆ ਰਹੀ ਚੌਲਾਂ ਦੀ ਫਸਲ ਇੱਕ ਵੱਡੀ ਸਮੱਸਿਆ ਬਣ ਜਾਂਦੀ ਹੈ ਜਿਸ ਨੂੰ ਰੋਕਣ ਦੇ ਲਈ ਸਰਕਾਰ ਵੱਲੋਂ ਅਤੇ ਫੂਡ ਸਪਲਾਈ ਮਹਿਕਮੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ, ਇਹਨਾਂ ਉੱਪਰ ਵੀ ਖੁੱਲ ਕੇ ਵਿਚਾਰ ਚਰਚਾ ਹੋਈ।
ਚੇਅਰਮੈਨ ਪਨਗਰੇਨ ਡਾ. ਤੇਜਪਾਲ ਸਿੰਘ ਗਿੱਲ ਨੇ ਸਾਰੇ ਮੁੱਦਿਆਂ ਉੱਪਰ ਡੂੰਘਾ ਵਿਚਾਰ ਕਰਦੇ ਹੋਏ ਕਰਮਚਾਰੀ ਅਤੇ ਅਧਿਕਾਰੀਆਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੰਬੰਧਿਤ ਅਧਿਕਾਰੀਆਂ ਤੱਕ ਲੈ ਕੇ ਜਾਣਗੇ ਤੇ ਉਸਦੇ ਢੁਕਵੇਂ ਹੱਲ ਕਰਵਾਉਣ ਲਈ ਉਹ ਯਤਨ ਕਰਨਗੇ। ਚੇਅਰਮੈਨ ਪਨਗਰੇਨ ਵੱਲੋਂ ਆਪਣੇ ਦਫਤਰ ਦਾ ਇੱਕ ਵਟਸਐਪ ਨੰਬਰ 8727000849 ਜਾਰੀ ਕੀਤਾ ਗਿਆ ਜਿਸ ਉੱਪਰ ਪਨਗਰੇਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਹੈ।
ਉਨ੍ਹਾਂ ਦੱਸਿਆ ਕਿ ਇਹ ਵਟਸ ਨੰਬਰ ਉਪਰ ਫ਼ਸਲ ਖਰੀਦ ਸਮੇਂ ਆਉਣ ਵਾਲੀਆਂ ਸਮੱਸਿਆਵਾਂ, ਸਾਂਭ ਸੰਭਾਲ ਸਮੇਂ ਆਉਣ ਵਾਲੀਆਂ ਸਮੱਸਿਆਵਾਂ, ਟਰਾਂਸਪੋਰਟ ਅਤੇ ਚੰਗੇ ਮਿਕਦਾਰ ਦੀ ਖਾਣ ਯੋਗ ਅਨਾਜ ਨੂੰ ਲੋਕਾਂ ਤੱਕ ਪਹੁੰਚਾਉਣ ਤੱਕ ਜੇਕਰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲੋਕਾਂ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਉਹ ਇਸ ਨੰਬਰ ਉਪਰ ਸੰਪਰਕ ਕਰਕੇ ਜਾਂ ਵੀਡੀਓ ਭੇਜ ਕੇ ਜਾਂ ਮੈਸੇਜ ਭੇਜ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਅਤੇ ਇਹ ਨੰਬਰ ਹਰ ਸਮੇਂ ਉਪਲਬਧ ਰਹੇਗਾ ਅਤੇ ਚੇਅਰਮੈਨ ਆਫਿਸ ਵੱਲੋਂ ਇਸ ਦੀ ਨਿਗਰਾਨੀ ਕੀਤੀ ਜਾਵੇ।
ਇਸ ਮੀਟਿੰਗ ਵਿੱਚ ਡੀ.ਐਫ.ਐਸ.ਸੀ ਡਾ. ਰੂਪਪ੍ਰੀਤ ਕੌਰ, ਏ.ਓ ਜਸਵਿੰਦਰ ਸਿੰਘ ਲਾਂਬਾ, ਐਸ.ਏ ਰਵਿੰਦਰ ਕੌਰ, ਸੁਪਰਡੰਟ ਗੁਰਮੀਤ ਕੌਰ, ਡੀ.ਐਫ.ਐਸ.ਓ ਨਾਭਾ ਜਰਨੈਲ ਸਿੰਘ, ਡੀ.ਐਫ.ਐਸ.ਓ ਪਟਿਆਲਾ ਵਰਿੰਦਰਪਾਲ ਕੌਰ, ਏ.ਐਫ.ਐਸ.ਓ ਪਾਤੜਾਂ ਗੁਰਜਿੰਦਰ ਸਿੰਘ, ਏ.ਐਫ.ਐਸ.ਓ ਰਾਜਪੁਰਾ ਵਰਿੰਦਰ ਕੁਮਾਰ ਸ਼ਰਮਾ, ਏ.ਐਫ.ਐਸ.ਓ ਨਾਭਾ ਪੰਕਜ ਠਾਕੁਰ, ਏ.ਐਫ.ਐਸ.ਓ ਮੋਨਿਕਾ, ਏ.ਐਫ.ਐਸ.ਓ ਸਮਾਣਾ ਨਿਖਿਲ ਵਾਲੀਆ ਅਤੇ ਸਾਰੇ ਨਿਰੀਖਕ ਇੰਚਾਰਜ ਹਾਜਰ ਸਨ।