ਹਰ ਪਿੰਡ ਦਾ ਦੌਰਾ ਕਰਕੇ ਬੱਚਿਆਂ ਤੇ ਬਜੁਰਗਾਂ ਦੇ ਮਸਲੇ ਪਿੰਡ ਪੱਧਰ ਉਤੇ ਜਾ ਕੇ ਹੱਲ ਕੀਤੇ ਜਾਣਗੇ : ਕਿਰਪਾਲਵੀਰ ਸਿੰਘ
ਦੂਧਨਸਾਧਾਂ : ਦੂਧਨਸਾਧਾਂ ਦੇ ਐਸ.ਡੀ.ਐਮ ਕਿਰਪਾਲ ਵੀਰ ਸਿੰਘ ਨੇ ਸਬ ਡਵੀਜ਼ਨ ਵਿੱਚ ਨਿਵੇਕਲੀ ਪਹਿਲਕਦਮੀ ਕਰਦਿਆਂ ਪਿੰਡ ਗੁੱਥਮੜਾ ਦਾ ਦੌਰਾ ਕਰਕੇ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਸਬ ਡਵੀਜਨ ਦੇ ਹਰ ਪਿੰਡ ਦਾ ਖ਼ੁਦ ਦੌਰਾ ਕਰਨਗੇ ਅਤੇ ਬਜ਼ੁਰਗਾਂ ਤੇ ਬੱਚਿਆਂ ਦੇ ਮਸਲੇ ਪਿੰਡ ਪੱਧਰ ਉਤੇ ਜਾ ਕੇ ਹੱਲ ਕਰਨਗੇ।
ਇਸ ਬੈਠਕ ਦੌਰਾਨ ਕਿਰਪਾਲਵੀਰ ਸਿੰਘ ਨੇ ਪਿੰਡ ਵਾਸੀਆਂ ਨਾਲ ਉਨ੍ਹਾਂ ਦੇ ਕੋਲ ਬੈਠਕੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਕਿਸੇ ਵੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕੂਟਰ/ਮੋਟਰ ਸਾਈਕਲ/ਕਾਰ ਆਦਿ ਚਲਾਉਣ ਲਈ ਨਾ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਘੱਟ ਉਮਰ ਦੇ ਬੱਚਿਆਂ ਵੱਲੋਂ ਵਹੀਕਲ ਚਲਾਉਣ ਕਰਕੇ ਹੁੰਦੇ ਹਾਦਸੇ ਅਤੇ ਬਿਨ੍ਹਾਂ ਲਾਇਸੈਂਸ ਵਹੀਕਲ ਚਲਾਉਣ ਦੇ ਨੁਕਸਾਨ ਬਾਬਤ ਲੋਕਾਂ ਨੂੰ ਜਾਣੂ ਕਰਵਾਇਆ।
ਐਸ.ਡੀ.ਐਮ ਨੇ ਇਸ ਮੌਕੇ ਝੋਨੇ ਦੀ ਵਾਢੀ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸਮੂਹ ਪਿੰਡ ਵਾਸੀਆਂ ਤੇ ਖਾਸ ਕਰਕੇ ਕਿਸਾਨਾਂ ਨੂੰ ਆਪਣੀ ਫਸਲ ਦੀ ਰਹਿਦ ਖੂੰਹਦ ਨੂੰ ਅੱਗ ਨਾ ਲਗਾਉਣ ਬਾਰੇ ਵੀ ਪ੍ਰੇਰਤ ਕੀਤਾ।ਉਨ੍ਹਾਂ ਨੇ ਪਰਾਲੀ ਨੂੰ ਅੱਗ ਲਾਉਣ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਦਿਆਂ ਲੋਕਾਂ ਤੋਂ ਪ੍ਰਣ ਕਰਵਾਇਆ ਕਿ ਉਹ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਣਗੇ।
ਇਸ ਮੌਕੇ ਕਿਰਪਾਲਵੀਰ ਸਿੰਘ ਨੇ ਵੈਲਫੇਅਰ ਆਫ ਪੈਰੇਂਟਸ ਐਡ ਸੀਨੀਅਰ ਸਿਟੀਜਨ ਐਕਟ 2007 ਦੀ ਪਾਲਣਾ ਹਿੱਤ ਪਿੰਡ ਦੇ ਇੱਕਠ ਵਿੱਚ ਹਾਜਰ ਸਮੂਹ ਬਜੁਰਗਾਂ ਨੂੰ ਵੀ ਉਨ੍ਹਾਂ ਦੀਆਂ ਮੁ਼ਸ਼ਕਿਲਾਂ ਬਾਬਤ ਪੁਛਿਆਂ ਕਿ ਕੀ ਬਜ਼ੁਰਗਾਂ ਨੂੰ ਉਨ੍ਹਾਂ ਦੇ ਬੱਚੇ ਤੇ ਵਾਰਸ ਸਹੀ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ ਜਾਂ ਨਹੀਂ ਅਤੇ ਕੀ ਉਨ੍ਹਾਂ ਨੂੰ ਸਹੀ ਸਮੇਂ ਉਤੇ ਸਹੀ ਖੁਰਾਕ ਵੀ ਮਿਲ ਰਹੀ ਹੈ ਜਾਂ ਨਹੀਂ। ਇਸ ਤੋਂ ਇਲਾਵਾ ਉਨ੍ਹਾਂ ਨੇ ਸਮੂਹ ਵਾਸੀਆਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਅਤੇ ਵੱਧ ਤੋਂ ਵੱਧ ਬੂਟੇ ਲਗਾਕੇ ਵਾਤਾਵਰਣ ਹਰਿਆ-ਭਰਿਆ ਕਰਨ ਦੀ ਵੀ ਅਪੀਲ ਕੀਤੀ।
ਐਸ.ਡੀ.ਐਮ. ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸੇ ਤਰ੍ਹਾਂ ਹਰ ਪਿੰਡ ਦਾ ਦੌਰਾ ਕੀਤਾ ਜਾਵੇਗਾ ਅਤੇ ਬੱਚਿਆਂ ਅਤੇ ਬਜੁਰਗਾਂ ਨਾਲ ਸਬੰਧਤ ਮੁੱਦੇ ਹੁਣ ਉਨ੍ਹਾਂ ਵੱਲੋਂ ਪਿੰਡ ਪੱਧਰ ਉਤੇ ਜਾ ਕੇ ਹੱਲ ਕੀਤੇ ਜਾਣਗੇ।