ਚੰਡੀਗੜ੍ਹ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਸਿਫ਼ਰ ਕਾਲ ਵਿੱਚ ਦਵਾਈਆਂ ਦੀ ਵੱਧ ਕੀਮਤਾਂ ਦਾ ਮੁੱਦਾ ਚੁੱਕਦਿਆਂ ਕੇਂਦਰ ਸਰਕਾਰ ਕੋਲ ਮੰਗ ਕੀਤੀ ਕਿ ਇਕ ਸਮਾਨ ਕੈਮੀਕਲ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਦੀ ਹੱਦ ਤੈਅ ਕੀਤੀ ਜਾਵੇ। ਮੀਤ ਹੇਅਰ ਨੇ ਸਿਫ਼ਰ ਕਾਲ ਵਿੱਚ ਸਿਹਤ ਨਾਲ ਜੁੜਿਆਂ ਇੱਕ ਅਹਿਮ ਮਾਮਲਾ ਉਠਾਉਂਦਿਆਂ ਕਿਹਾ ਕਿ ਡਰੱਗ ਪ੍ਰਾਈਸ ਕੰਟਰੋਲ ਆਰਡਰ (ਡੀ.ਪੀ.ਸੀ.ਓ.) 2013 ਦੇ ਕਾਨੂੰਨ ਤਹਿਤ ਕੁਝ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਉਤੇ ਕੰਟਰੋਲ ਕੀਤਾ ਜਾ ਰਿਹਾ ਹੈ ਪ੍ਰੰਤੂ ਜਿਹੜੀਆਂ ਦਵਾਈਆਂ ਦੀ ਜ਼ਿਆਦਾ ਵਰਤੋਂ ਹੁੰਦੀ ਹੈ, ਉਹ ਬਲੱਬ ਪ੍ਰੈਸ਼ਰ, ਸ਼ੂਗਰ ਆਦਿ ਲਈ ਵਰਤੀਆਂ ਜਾਂਦੀਆਂ। ਇਨ੍ਹਾਂ ਉਪਰ ਕੀਮਤਾਂ ਦਾ ਕੰਟਰੋਲ ਨਹੀਂ ਹੈ। ਇਨ੍ਹਾਂ ਬਿਮਾਰੀ ਦੇ ਇਲਾਜ ਵਾਸਤੇ ਇਕ ਸਮਾਨ ਕੈਮੀਕਲ ਦੇ ਸੁਮੇਲ ਵਾਲੀਆਂ ਦਵਾਈਆਂ ਵੱਖ-ਵੱਖ ਕੰਪਨੀਆਂ ਵੱਲੋਂ ਬਣਾਈਆਂ ਜਾ ਰਹੀਆਂ ਹਨ ਪਰ ਦਵਾਈਆਂ ਦੀ ਕੀਮਤ ਵੀ ਵੱਖੋ-ਵੱਖਰੀ ਹੈ।
ਮੀਤ ਹੇਅਰ ਨੇ ਕਿਹਾ ਕਿ ਇਹ ਸਮੁੱਚੇ ਦੇਸ਼ ਦਾ ਸਾਂਝਾ ਮਸਲਾ ਹੈ ਜਿੱਥੇ ਦਵਾਈਆਂ ਦੀ ਵੱਧ ਕੀਮਤ ਨਾਲ ਦਵਾਈਆਂ ਤੋਂ 300 ਰੁਪਏ ਤੋਂ ਲੈ ਕੇ 1000 ਤੱਕ ਮੁਨਾਫਾ ਕਮਾਇਆ ਜਾ ਰਿਹਾ ਹੈ। ਉਦਾਹਰਨ ਵਜੋਂ 3 ਰੁਪਏ ਦੀ ਨਿਰਮਾਣ ਨਾਲ ਤਿਆਰ ਕੀਤੀ ਜਾ ਰਹੀ ਦਵਾਈ ਕੋਈ ਕੰਪਨੀ 10 ਰੁਪਏ ਵਿੱਚ ਵੇਚ ਰਿਹਾ ਹੈ ਤੇ ਕੋਈ 50 ਰੁਪਏ ਵਿੱਚ ਵੇਚ ਰਿਹਾ ਹੈ। ਉਨ੍ਹਾਂ ਸਰਕਾਰ ਅੱਗੇ ਗੁਜਾਰਿਸ਼ ਕੀਤੀ ਕਿ ਘੱਟੋ-ਘੱਟ ਇਕ ਸਮਾਨ ਕੈਮੀਕਲ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਦੀ ਹੱਦ ਤੈਅ ਕੀਤੀ ਜਾਵੇ।