ਸੁਨਾਮ : ਵਿਧਾਨ ਸਭਾ ਹਲਕਾ ਸੁਨਾਮ ਦੇ ਕਸਬਾ ਲੌਂਗੋਵਾਲ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਹੀਦ ਭਗਵਾਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਲੋਂਗੋਵਾਲ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ ਇਮਾਰਤ ਤੇ 6.10 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ਉਤੇ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਨੀਅਤ ਅਤੇ ਨੀਤੀ ਸਾਫ਼ ਹੋਵੇ ਉਥੇ ਕੋਈ ਵੀ ਕੰਮ ਨਹੀਂ ਰੁਕਦਾ। ਪਿਛਲੀਆਂ ਸਰਕਾਰਾਂ ਦੀ ਖੋਟੀ ਨੀਅਤ ਅਤੇ ਮਾੜੀਆਂ ਨੀਤੀਆਂ ਕਾਰਨ ਸੂਬਾ ਵਿਕਾਸ ਪੱਖੋਂ ਕਾਫ਼ੀ ਪਛੜ ਗਿਆ ਸੀ। ਪਰ ਜਦੋਂ ਤੋਂ ਆਪ ਪਾਰਟੀ ਸੱਤਾ ਵਿਚ ਆਈ ਹੈ ਉਦੋਂ ਤੋਂ ਹੀ ਤਰਜੀਹੀ ਤੌਰ ਉੱਤੇ ਸਰਬਪੱਖੀ ਵਿਕਾਸ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪਹਿਲਾਂ ਇਹ ਸਕੂਲ ਕਸਬੇ ਦੇ ਤੰਗ ਬਾਜ਼ਾਰ ਵਿੱਚ ਚੱਲਦਾ ਸੀ। ਜਿਸ ਕਾਰਨ ਲੜਕੀਆਂ ਨੂੰ ਸਕੂਲ ਆਉਣ ਜਾਣ ਦੀ ਬਹੁਤ ਮੁਸ਼ਕਿਲ ਪੇਸ਼ ਆਉਂਦੀ ਸੀ। ਇਸ ਸਕੂਲ ਨੂੰ ਬਣਾਉਣ ਦੀ ਮੰਗ 10 ਸਾਲ ਪਹਿਲਾਂ ਰੱਖੀ ਗਈ ਸੀ। ਜਿਸਨੂੰ ਅੱਜ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੂਰਾ ਕੀਤਾ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਲੌਂਗੋਵਾਲ ਸ਼ਹੀਦਾਂ ਦੀ ਧਰਤੀ ਹੈ ਜਿਸਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਹਲਕੇ ਵਿੱਚ ਹਰੇਕ ਜ਼ਰੂਰੀ ਕੰਮ ਨੂੰ ਤਰਜੀਹੀ ਤੌਰ ਉੱਤੇ ਪੂਰਾ ਕੀਤਾ ਜਾ ਰਿਹਾ ਹੈ। ਅਗਲੇ ਇੱਕ ਸਾਲ ਵਿੱਚ ਇਲਾਕੇ ਦਾ ਕੋਈ ਵੀ ਕੰਮ ਬਕਾਇਆ ਨਹੀਂ ਰਹੇਗਾ। ਉਹਨਾਂ ਵਿਦਿਆਰਥਣਾਂ ਨੂੰ ਸੁਨਿਹਰੇ ਭਵਿੱਖ ਲਈ ਸ਼ੁਭ ਇੱਛਾਵਾਂ ਦਿੰਦਿਆਂ ਕਿਹਾ ਕਿ ਕਾਮਯਾਬ ਹੋਣ ਲਈ ਟੀਚੇ ਨਿਰਧਾਰਤ ਹੋਣੇ ਲਾਜ਼ਮੀ ਹੁੰਦੇ ਹਨ। ਉਹਨਾਂ ਉਮੀਦ ਪ੍ਰਗਟਾਈ ਕਿ ਜਲਦੀ ਹੀ ਇਸ ਸਕੂਲ ਤੋਂ ਪੜ੍ਹ ਕੇ ਬੱਚੀਆਂ ਵੱਖ ਵੱਖ ਖੇਤਰਾਂ ਵਿੱਚ ਆਪਣਾ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨਗੀਆਂ। ਸਮਾਗਮ ਦੌਰਾਨ ਗੁਰਵਿੰਦਰ ਕੌਰ ਬਰਾੜ ਪ੍ਰਧਾਨ ਨਗਰ ਕੌਂਸਲ ਲੋਂਗੋਵਾਲ, ਅਵਤਾਰ ਸਿੰਘ ਈਲਵਾਲ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ ਤੋਂ ਇਲਾਵਾ ਇਲਾਕੇ ਦੇ ਨਾਮਵਰ ਸਖਸ਼ੀਅਤਾਂ ਹਾਜ਼ਰ ਸਨ।