ਏ ਐਸ ਆਈ ਵਜੋਂ ਖੁਫ਼ੀਆ ਵਿਭਾਗ ਵਿੱਚ ਨੇ ਤਾਇਨਾਤ
ਸੁਨਾਮ : ਜੰਗ -ਏ -ਆਜ਼ਾਦੀ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਸੁਨਾਮ ਦੇ ਜੰਮਪਲ ਪੰਜਾਬ ਪੁਲਿਸ ਦੇ ਖੁਫ਼ੀਆ ਵਿਭਾਗ ਵਿੱਚ ਸੇਵਾਵਾਂ ਨਿਭਾਅ ਰਹੇ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਅਮਰੀਕਾ ਵਿਖੇ ਚੱਲ ਰਹੀਆਂ ਵਰਲਡ ਪੁਲਿਸ ਐਂਡ ਫਾਇਰ ਖੇਡਾਂ 2025 ਵਿੱਚ ਪੰਜਾਬ ਪੁਲਿਸ ਅਤੇ ਭਾਰਤ ਦੀ ਨੁਮਾਇੰਦਗੀ ਕਰਦਿਆਂ 5000 ਮੀਟਰ ਰੇਸ ਵਾਕ ਵਿੱਚ ਗੋਲਡ ਮੈਡਲ ਜਿੱਤਿਆ। ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ 27 ਜੂਨ ਤੋਂ 6 ਜੁਲਾਈ ਤੱਕ ਚੱਲਣ ਵਾਲੀਆਂ ਵਰਲਡ ਪੁਲਿਸ ਐਂਡ ਫਾਇਰ ਗੇਮਜ 2025 ਵਿੱਚ ਪੰਜਾਬ ਪੁਲਿਸ ਅਤੇ ਭਾਰਤ ਦੀ ਨੁਮਾਇੰਦਗੀ ਕਰਦਿਆਂ ਉਨ੍ਹਾਂ ਨੇ ਅਥਲੈਟਿਕਸ ਮੁਕਾਬਲਿਆ ਦੇ ਪਹਿਲੇ ਦਿਨ 5000 ਮੀਟਰ ਰੇਸ ਵਾਕ ਵਿੱਚ ਸ਼੍ਰੀ ਲੰਕਾ ਅਤੇ ਤਾਈਵਾਨ ਦੇ ਖਿਡਾਰੀਆਂ ਨੂੰ ਪਿੱਛੇ ਛੱਡਦਿਆਂ ਗੋਲਡ ਮੈਡਲ ਜਿੱਤਿਆ ਹੈ। ਸਰਬਜੀਤ ਸਿੰਘ ਨੇ ਦੱਸਿਆ ਕਿ ਇਹ ਉਸਦਾ ਪਹਿਲਾ ਮੁਕਾਬਲਾ ਸੀ, ਉਸਦੇ ਦੋ ਹੋਰ ਮੁਕਾਬਲੇ 400 ਮੀਟਰ ਹਰਡਲਜ ਰੇਸ ਅਤੇ 110 ਮੀਟਰ ਹਰਡਲਜ ਰੇਸ ਦੇ ਫਾਈਨਲ ਮੁਕਾਬਲੇ 3 ਅਤੇ 4 ਜੁਲਾਈ ਨੂੰ ਹੋਣਗੇ । ਉਸਨੇ ਆਖਿਆ ਕਿ ਉਹ ਇਨ੍ਹਾਂ ਮੁਕਾਬਲਿਆਂ ਵਿੱਚ ਵੀ ਗੋਲਡ ਮੈਡਲ ਜਿੱਤਣ ਲਈ ਪੂਰੀ ਮਿਹਨਤ ਕਰ ਰਿਹਾ ਹੈ। ਇਸ ਮਾਣਮੱਤੀ ਪ੍ਰਾਪਤੀ ਲਈ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਆਪਣੇ ਕੋਚ ਸੰਦੀਪ ਸਿੰਘ ਸੋਨੀ ਵੱਲੋ ਕਰਵਾਈ ਯੋਗ ਸਿਖਲਾਈ ਲਈ ਧੰਨਵਾਦ ਕੀਤਾ । ਇਸ ਤੋ ਇਲਾਵਾ ਅੰਤਰਰਾਸ਼ਟਰੀ ਪੱਧਰ ਦੇ ਦੌੜਾਕ ਸਰਬਜੀਤ ਸਿੰਘ ਨੇ ਚਰਨਪਾਲ ਸਿੰਘ ਮਾਂਗਟ ਇੰਚਾਰਜ਼ ਸੀ ਆਈ ਡੀ ਸੰਗਰੂਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਸੁਨਾਮ ਦੇ ਨਾਮਵਰ ਦੌੜਾਕ ਸਰਬਜੀਤ ਸਿੰਘ ਵੱਲੋਂ ਵਰਲਡ ਪੁਲਿਸ ਐਂਡ ਫਾਇਰ ਖੇਡਾਂ ਵਿੱਚ ਪੰਜ ਹਜ਼ਾਰ ਮੀਟਰ ਰੇਸ ਵਾਕ ਵਿੱਚ ਗੋਲਡ ਮੈਡਲ ਜਿੱਤਣ ਤੇ ਸੀਆਈਡੀ ਦਫ਼ਤਰ ਸੁਨਾਮ ਦੇ ਇੰਚਾਰਜ਼ ਥਾਣੇਦਾਰ ਕੁਲਦੀਪ ਸਿੰਘ ਧਾਲੀਵਾਲ, ਸਹਾਇਕ ਥਾਣੇਦਾਰ ਕੁਲਬੀਰ ਸਿੰਘ ਖਾਲਸਾ, ਬਲਕਾਰ ਸਿੰਘ ਸਮਾਓਂ, ਕਪੂਰ ਸਿੰਘ ਸਮੇਤ ਮਲਕੀਤ ਸਿੰਘ ਨਾਗਰੀ, ਕੁਲਦੀਪ ਸਿੰਘ, ਗੁਰਪ੍ਰੀਤ ਕੌਰ, ਸਰਬਜੀਤ ਕੌਰ ਸਮੇਤ ਹੋਰਨਾਂ ਕਰਮਚਾਰੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।