Wednesday, September 17, 2025

Malwa

ਡਾ. ਰਤਨ ਸਿੰਘ ਨਮਿੱਤ ਅੰਤਿਮ ਅਰਦਾਸ ਤੇ ਪਾਠ ਦਾ ਭੋਗ 1 ਜੂਨ ਨੂੰ

May 31, 2025 01:06 PM
SehajTimes

ਪਟਿਆਲਾ : ਪੰਜਾਬੀ ਤੇ ਹਿੰਦੀ ਸਾਹਿਤ ਦੇ ਉੱਘੇ ਸਿੱਖ ਵਿਦਵਾਨ ਪਦਮ ਸ਼੍ਰੀ ਡਾ. ਰਤਨ ਸਿੰਘ ਜੱਗੀ ਜੋ ਬੀਤੇ ਦਿਨੀਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ, ਨਮਿੱਤ ਅੰਤਿਮ ਅਰਦਾਸ ਤੇ ਪਾਠ ਦਾ ਭੋਗ 1 ਜੂਨ 2025 ਨੂੰ ਪਟਿਆਲਾ ਦੀ ਮਾਲ ਰੋਡ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਨੇੜੇ ਫੁਆਰਾ ਚੌਕ) ਵਿਖੇ ਦੁਪਹਿਰ 12 ਤੋਂ 1 ਵਜੇ ਦਰਮਿਆਨ ਪਵੇਗਾ।

ਡਾ ਰਤਨ ਸਿੰਘ ਜੱਗੀ ਦਾ ਨਾਂ ਪੰਜਾਬੀ ਅਤੇ ਹਿੰਦੀ ਸਾਹਿਤ ਦੇ ਉੱਘੇ ਵਿਦਵਾਨਾਂ ਅਤੇ ਗੁਰਮਤਿ ਤੇ ਭਗਤੀ ਲਹਿਰ ਦੇ ਮਾਹਰਾਂ ਵਿੱਚ ਸ਼ੁਮਾਰ ਹੈ।ਉਨ੍ਹਾਂ 150 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਸਾਹਿਤ ਤੇ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਸਦਕਾ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ, ਸਾਹਿਤ ਅਕਾਦਮੀ ਨੇ ਕੌਮੀ ਪੁਰਸਕਾਰ, ਪੰਜਾਬ ਸਰਕਾਰ ਨੇ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਨਾਲ ਸਨਮਾਨਿਆ। ਦਿੱਲੀ, ਹਰਿਆਣਾ ਤੇ ਉਤਰ ਪ੍ਰਦੇਸ਼ ਦੀਆਂ ਸਰਕਾਰਾਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਤ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਆਨਰੇਰੀ ਡੀ. ਲਿਟ ਦੀ ਡਿਗਰੀ ਵੀ ਪ੍ਰਦਾਨ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਗਿਆਨ ਰਤਨ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਭਾਸ਼ਾ ਵਿਭਾਗ ਪੰਜਾਬ ਵੱਲੋਂ ਅੱਠ ਵਾਰ ਪਹਿਲਾ ਪੁਰਸਕਾਰ ਹਾਸਲ ਕਰਨ ਤੋਂ ਇਲਾਵਾ ਵੱਖ-ਵੱਖ ਸਾਹਿਤ ਅਕਾਦਮੀਆਂ, ਵਿੱਦਿਅਕ, ਸਾਹਿਤਕ ਤੇ ਧਾਰਮਿਕ ਸੰਸਥਾਵਾਂ, ਸਰਕਾਰੀ ਤੇ ਗੈਰ ਸਰਕਾਰੀ ਸੰਗਠਨਾਂ ਵੱਲੋਂ ਵੀ ਸਨਮਾਨ ਮਿਲੇ।

ਡਾ ਜੱਗੀ ਦਾ ਜਨਮ 27 ਜੁਲਾਈ 1927 ਨੂੰ ਹੋਇਆ। ਉਨ੍ਹਾਂ ਛੇ ਦਹਾਕੇ ਤੋਂ ਵੱਧ ਸਮਾਂ ਪੂਰੀ ਤਨਦੇਹੀ ਅਤੇ ਸੁਹਿਰਦਤਾ ਨਾਲ ਮੱਧਕਾਲੀ ਸਾਹਿਤ ਦੇ ਲੇਖੇ ਲਾਏ ਹਨ। ਉਨ੍ਹਾਂ 1962 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ "ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ" ਵਿਸ਼ੇ 'ਤੇ ਪੀਐਚ.ਡੀ. ਕੀਤੀ। 1973 ਵਿੱਚ ਮਗਧ ਯੂਨੀਵਰਸਿਟੀ, ਬੋਧਗਯਾ ਤੋਂ ਹਿੰਦੀ ਵਿੱਚ "ਸ੍ਰੀ ਗੁਰੂ ਨਾਨਕ: ਵਿਅਕਤਿਤਵ, ਕ੍ਰਿਤਿਤਵ ਔਰ ਚਿੰਤਨ" ਵਿਸ਼ੇ ‘ਤੇ ਡੀ.ਲਿਟ. ਦੀ ਡਿਗਰੀ ਹਾਸਲ ਕੀਤੀ। ਉਹ 1987 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਵਜੋਂ ਸੇਵਾਮੁਕਤ ਹੋਏ।

ਸਾਹਿਤਕ ਖੇਤਰ ਵਿੱਚ ਡਾ ਜੱਗੀ ਵੱਲੋਂ ਕੀਤੇ ਵੱਡੇ ਕਾਰਜਾਂ ਵਿੱਚ ਉਨ੍ਹਾਂ ਪੰਜ ਜਿਲਦਾਂ ਵਿੱਚ "ਦਸਮ ਗ੍ਰੰਥ ਦਾ ਟੀਕਾ" ਪੇਸ਼ ਕੀਤਾ। ਬਾਅਦ ਵਿੱਚ ਹਿੰਦੀ ਵਿੱਚ ਵੀ ਪੰਜ ਜਿਲਦਾਂ ਵਿੱਚ “ਦਸ਼ਮ ਗ੍ਰੰਥ ਦਾ ਟੀਕਾ” ਪੇਸ਼ ਕੀਤਾ। "ਪੰਜਾਬੀ ਸਾਹਿਤ ਸੰਦਰਭ ਕੋਸ਼", "ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ" ਤੇ "ਗੁਰੂ ਗ੍ਰੰਥ ਵਿਸ਼ਵਕੋਸ਼" ਦਾ ਸੰਕਲਨ ਕੀਤਾ। 8 ਜਿਲਦਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਆਪਕ ਟੀਕਾ "ਭਾਵ ਪ੍ਰਬੋਧਨੀ ਟੀਕਾ-ਸ੍ਰੀ ਗੁਰੂ ਗ੍ਰੰਥ ਸਾਹਿਬ" ਤਿਆਰ ਕੀਤਾ। ਇਸ ਟੀਕੇ ਦੀਆਂ ਪੰਜ ਜਿਲਦਾਂ ਨੂੰ ਹਿੰਦੀ ਵਿੱਚ ਵੀ ਪ੍ਰਕਾਸ਼ਿਤ ਕੀਤਾ।

ਉਨ੍ਹਾਂ “ਸਿੱਖ ਪੰਥ ਵਿਸ਼ਵਕੋਸ਼" ਤੇ “ਅਰਥਬੋਧ ਸ੍ਰੀ ਗੁਰੂ ਗ੍ਰੰਥ ਸਾਹਿਬ" ਸਿਰਲੇਖ ਵਾਲੀ ਰਚਨਾ ਤਿਆਰ ਕੀਤੀ। "ਗੁਰੂ ਨਾਨਕ ਬਾਣੀ: ਪਾਠ ਅਤੇ ਵਿਆਖਿਆ" ਨੂੰ ਪੰਜਾਬੀ ਅਤੇ ਹਿੰਦੀ ਵਿੱਚ ਪ੍ਰਕਾਸ਼ਿਤ ਕੀਤਾ ਗਿਆ। "ਗੁਰੂ ਨਾਨਕ:ਜੀਵਨੀ ਅਤੇ ਵਿਅਕਤੀਤਵ" ਅਤੇ "ਗੁਰੂ ਨਾਨਕ ਦੀ ਵਿਚਾਰਧਾਰਾ" ਵੀ ਪ੍ਰਕਾਸ਼ਿਤ ਕੀਤੀ।ਪਵਿੱਤਰ ਗ੍ਰੰਥ "ਤੁਲਸੀ ਰਾਮਾਇਣ" (ਰਾਮ ਚਰਿਤ ਮਾਨਸ) ਦਾ ਪੰਜਾਬੀ ਵਿੱਚ ਲਿਪੀਅੰਤਰਨ ਅਤੇ ਅਨੁਵਾਦ ਕਰਨ ਦਾ ਵੀ ਕਾਰਜ ਨਿਭਾਇਆ।

ਡਾ ਜੱਗੀ 98 ਵਰ੍ਹਿਆਂ ਦੀ ਉਮਰੇ 22 ਮਈ ਨੂੰ ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਸਵਰਗਵਾਸ ਹੋ ਗਏ ਸਨ। ਉਹ ਅੰਤਲੇ ਸਮਿਆਂ ਤੱਕ ਸਾਹਿਤ ਤੇ ਖੋਜ ਕਾਰਜਾਂ ਨੂੰ ਸਮਰਪਿਤ ਰਹੇ। ਪਰਿਵਾਰ ਵਿੱਚ ਉਹ ਪਿੱਛੇ ਆਪਣੀ ਧਰਮ ਪਤਨੀ ਦਾ ਡਾ ਗੁਰਸ਼ਰਨ ਕੌਰ ਜੱਗੀ (ਸੇਵਾ ਮੁਕਤ ਪ੍ਰਿੰਸੀਪਲ, ਸਰਕਾਰੀ ਕਾਲਜ ਲੜਕੀਆਂ, ਪਟਿਆਲਾ), ਪੁੱਤਰ ਮਾਲਵਿੰਦਰ ਸਿੰਘ ਜੱਗੀ (ਸੇਵਾ ਮੁਕਤ ਆਈ.ਏ.ਐਸ.) ਛੱਡ ਗਏ ਹਨ।

Have something to say? Post your comment