ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਸਾਨਾਂ ਨੂੰ ਸੂਬੇ ਦੀ ਭਗਵੰਤ ਮਾਨ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਜ਼ਬਰ ਦੇ ਖਿਲਾਫ ਇੱਕਜੁਟ ਹੋਣ ਦਾ ਸੱਦਾ ਦਿੱਤਾ ਹੈ। ਜਥੇਬੰਦੀ ਦਾ ਤਰਕ ਹੈ ਕਿ ਸੂਬਾ ਸਰਕਾਰ ਹੱਕ ਮੰਗਦੇ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਜ਼ਬਰੀ ਰੋਕਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ। ਸ਼ੁੱਕਰਵਾਰ ਨੂੰ ਸੁਨਾਮ ਬਲਾਕ ਦੇ ਪਿੰਡ ਉਗਰਾਹਾਂ ਵਿਖੇ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਰਾਮ ਸ਼ਰਨ ਸਿੰਘ ਉਗਰਾਹਾਂ ਨੇ ਆਖਿਆ ਕਿ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲ਼ੀ ਆਮ ਆਦਮੀ ਪਾਰਟੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਜਬਰੀ ਖੋਹਣ ਤੇ ਉਤਾਰੂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿਊਂਦ ਪਿੰਡ ਦੀ ਜ਼ਮੀਨ ਨੂੰ ਅਦਾਲਤੀ ਹੁਕਮ ਦੱਸਕੇ ਕਿਸਾਨਾਂ ਤੇ ਪੁਲਿਸ ਜ਼ਬਰ ਕੀਤਾ ਜਾ ਰਿਹਾ ਹੈ ਜਦਕਿ ਕਿਸਾਨ ਪੱਖੀ ਫੈਸਲਿਆਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲਾ ਸਮਾਂ ਕਿਸਾਨਾਂ ਮਜ਼ਦੂਰਾਂ ਲਈ ਬਹੁਤ ਹੀ ਘਾਤਕ ਹੋਵੇਗਾ ਮੌਜੂਦਾ ਸਰਕਾਰਾਂ ਕਾਰਪੋਰੇਟ ਘਰਾਣਿਆ ਦੀ ਸੇਵਾ ਵਿੱਚ ਲੱਗੀਆਂ ਹੋਈਆਂ ਹਨ ਕਿਸਾਨਾਂ ਮਜ਼ਦੂਰਾਂ ਨੂੰ ਬਣਦੇ ਹੱਕ ਤਾਂ ਕੀ ਦੇਣੇ ਸਨ ਬਲਕਿ ਉਨ੍ਹਾਂ ਦੇ ਹੱਕ ਖੋਹੇ ਜਾ ਰਹੇ ਹਨ। ਕੇਂਦਰ ਅਤੇ ਪੰਜਾਬ ਸਰਕਾਰ ਪੰਜਾਬ ਅਤੇ ਪੂਰੇ ਦੇਸ਼ ਭਰ ਵਿੱਚ ਜਮੀਨਾਂ ਕਾਰਪੋਰੇਟ ਨੂੰ ਸੰਭਾਉਂਣ ਵਿੱਚ ਲੱਗੀ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਵਿੱਚ ਲਗਾਤਾਰ ਜਮੀਨੀ ਘੋਲ ਲੜੇ ਜਾ ਰਹੇ ਹਨ ਜਮੀਨਾਂ ਨੂੰ ਬਚਾਉਣ ਲਈ ਵੱਡੀ ਲਾਮਬੰਦੀ ਦੀ ਲੋੜ ਹੈ। ਇਸੇ ਲਈ ਆਉਣ ਵਾਲੇ ਦਿਨਾਂ 'ਚ ਸੁਨਾਮ ਬਲਾਕ ਦੇ ਹਰ ਇੱਕ ਪਿੰਡ ਵਿੱਚ ਚੋਣ ਕਰਵਾਈ ਜਾਵੇਗੀ। ਇਸ ਮੌਕੇ ਉਗਰਾਹਾਂ ਪਿੰਡ ਦੀ ਇਕਾਈ ਦਾ ਪ੍ਰਧਾਨ ਪਾਲਾ ਸਿੰਘ, ਜਨਰਲ ਸਕੱਤਰ ਬਿੱਕਰ ਸਿੰਘ, ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ, ਮੀਤ ਪ੍ਰਧਾਨ ਸ਼ੇਰਾ ਸਿੰਘ, ਪ੍ਰੈਸ ਸਕੱਤਰ ਚਮਕੌਰ ਸਿੰਘ, ਪ੍ਰਚਾਰ ਸਕੱਤਰ ਕਾਲਾ ਸਿੰਘ, ਖਜਾਨਚੀ ਮਿੱਠੂ ਸਿੰਘ, ਸਹਾਇਕ ਖਜਾਨਚੀ ਬੰਤ ਸਿੰਘ ਅਤੇ 50 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ।