ਤਿੰਨ ਮਹੀਨਿਆਂ 'ਚ ਮੁਕੰਮਲ ਹੋ ਜਾਵੇਗਾ ਕੰਮ
ਸੁਨਾਮ : ਸੁਨਾਮ ਵਿਖੇ ਬੱਸ ਸਟੈਂਡ ਨੇੜਲੇ ਰੇਲਵੇ ਫਾਟਕਾਂ ਤੇ ਬਣ ਰਹੇ ਰੇਲਵੇ ਅੰਡਰ ਬਰਿੱਜ ਦੇ ਕੰਮਾਂ ਦੀ ਪ੍ਰਗਤੀ ਦਾ ਰੇਲਵੇ ਅਧਿਕਾਰੀਆਂ ਨੂੰ ਨਾਲ ਲੈਕੇ ਜਾਇਜ਼ਾ ਲੈਣ ਪੁੱਜੇ ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਨੇ ਆਖਿਆ ਕਿ ਉਕਤ ਰੇਲਵੇ ਅੰਡਰ ਬਰਿੱਜ ਸੌ ਫ਼ੀਸਦੀ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਦਾ ਪ੍ਰੋਜੈਕਟ ਹੈ ਕੇਂਦਰ ਸਰਕਾਰ ਨੇ ਸਵਾ ਅੱਠ ਕਰੋੜ ਰੁਪਏ ਭੇਜੇ ਹਨ। ਰੇਲਵੇ ਦੇ ਵਧੀਕ ਡਿਵੀਜ਼ਨਲ ਇੰਜੀਨੀਅਰ ਡੀ.ਕੇ. ਗਰਗ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ। ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਨੇ ਕਿਹਾ ਕਿ ਇਹ ਪ੍ਰੋਜੈਕਟ ਸੌ ਫ਼ੀਸਦੀ ਕੇਂਦਰ ਸਰਕਾਰ ਦਾ ਹੈ ਅਤੇ ਕੇਂਦਰ 100 ਪ੍ਰਤੀਸ਼ਤ ਪੈਸਾ ਖਰਚ ਕਰ ਰਿਹਾ ਹੈ। ਲਗਭਗ 8.25 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਅੰਡਰਬ੍ਰਿਜ ਅਗਲੇ ਤਿੰਨ ਮਹੀਨਿਆਂ ਵਿੱਚ ਤਿਆਰ ਹੋ ਜਾਵੇਗਾ। ਦਾਮਨ ਬਾਜਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਗਤੀਸ਼ੀਲ ਅਗਵਾਈ ਹੇਠ ਪ੍ਰੋਜੈਕਟ ਦਾ ਲਗਭਗ 40 ਪ੍ਰਤੀਸ਼ਤ ਕੰਮ ਪੂਰਾ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਇੰਦਰਾ ਬਸਤੀ ਦੇ ਪਾਣੀ ਦੀ ਨਿਕਾਸੀ ਲਈ ਨਾਲਾ (ਡਰੇਨਜ ਸਿਸਟਮ) ਵੀ ਕੇਂਦਰ ਸਰਕਾਰ ਨੇ ਪੈਸਾ ਖ਼ਰਚ ਕਰਕੇ ਬਣਾਇਆ ਹੈ। ਦਾਮਨ ਬਾਜਵਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਬਿਜਲੀ ਦੀਆਂ ਲਾਈਨਾਂ ਖੰਭੇ ਅਤੇ ਟ੍ਰਾਂਸਫਾਰਮਰ ਵੀ ਨਹੀਂ ਹਟਾ ਸਕੀ। ਇਨ੍ਹਾਂ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ ਤਾਂ ਜੋ ਅੰਡਰ ਬ੍ਰਿਜ ਦਾ ਕੰਮ ਸੁਚਾਰੂ ਢੰਗ ਨਾਲ ਚੱਲਦਾ ਰਹੇ। ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ ਪ੍ਰੋਜੈਕਟ ਨੂੰ ਦੇਖਣ ਲਈ ਕੁੱਝ ਇੱਕ ਲੋਕ ਰੋਜ਼ਾਨਾ ਇੱਥੇ ਘੁੰਮਦੇ ਦਿਖਾਈ ਦਿੰਦੇ ਹਨ ਜੇਕਰ ਅਜਿਹੇ ਲੋਕਾਂ ਦੀ ਪੰਜਾਬ ਸਰਕਾਰ ਤੱਕ ਪਹੁੰਚ ਹੈ ਤਾਂ ਉਨ੍ਹਾਂ ਨੂੰ ਸੂਬੇ ਦੀਆਂ ਵਿਕਾਸ ਯੋਜਨਾਵਾਂ ਦੀ ਘੋਖ ਕਰਨੀ ਚਾਹੀਦੀ ਹੈ ਅਤੇ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਲਈ ਕੇਂਦਰ ਨੂੰ ਪ੍ਰਸਤਾਵ ਭੇਜਣਾ ਚਾਹੀਦਾ ਹੈ। ਦਾਮਨ ਬਾਜਵਾ ਨੇ ਕਿਹਾ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਸੀ ਕਿ ਉਹ ਪ੍ਰਸਤਾਵ ਕੇਂਦਰ ਨੂੰ ਭੇਜਣਗੇ ਪਰ ਹੁਣ ਤੱਕ ਇਹ ਮਾਮਲਾ ਠੰਢੇ ਬਸਤੇ ਵਿੱਚ ਪਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਪ੍ਰੋਜੈਕਟਾਂ ਲਈ ਝੂਠਾ ਸਿਹਰਾ ਲੈਣ ਦੀ ਬਜਾਏ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਆਪਣੇ ਪ੍ਰੋਜੈਕਟਾਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਐਡੀਸ਼ਨਲ ਡਿਵੀਜ਼ਨਲ ਇੰਜੀਨੀਅਰ ਡੀਕੇ ਗਰਗ ਨੇ ਕਿਹਾ ਕਿ ਰੇਲਵੇ ਮੰਤਰਾਲਾ ਇਸ ਪ੍ਰੋਜੈਕਟ 'ਤੇ ਪੈਸਾ ਖਰਚ ਕਰ ਰਿਹਾ ਹੈ ਅਤੇ ਇਹ ਕੰਮ ਅਗਲੇ ਤਿੰਨ ਜਾਂ ਸਾਢੇ ਤਿੰਨ ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਇਸ ਪ੍ਰੋਜੈਕਟ ਦਾ ਚਾਲੀ ਪ੍ਰਤੀਸ਼ਤ ਕੰਮ ਪੂਰਾ ਹੋ ਚੁੱਕਾ ਹੈ। ਇਸ ਮੌਕੇ ਭਾਜਪਾ ਦੇ ਮੰਡਲ ਪ੍ਰਧਾਨ ਰਾਜੀਵ ਕੁਮਾਰ ਮੱਖਣ, ਮਾਲਵਿੰਦਰ ਸਿੰਘ ਗੋਲਡੀ, ਜ਼ਿਲ੍ਹਾ ਜਨਰਲ ਸਕੱਤਰ ਸੰਜੇ ਗੋਇਲ, ਸ਼ੰਕਰ ਬਾਂਸਲ, ਅਸ਼ੋਕ ਗੋਇਲ ਆਦਿ ਹਾਜ਼ਰ ਸਨ।