Sunday, November 02, 2025

Malwa

ਸੰਗਰੂਰ ਜੇਲ੍ਹ ਅੰਦਰ ਚੱਲ ਰਹੇ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼; ਡੀਐਸਪੀ ਸੁਰੱਖਿਆ, ਦਰਜਾ ਚਾਰ ਕਰਮਚਾਰੀ ਸਮੇਤ 19 ਜਣੇ ਗ੍ਰਿਫ਼ਤਾਰ

May 15, 2025 06:38 PM
SehajTimes

ਇਸ ਕੇਸ ਵਿੱਚ ਅੰਮ੍ਰਿਤਸਰ ਨਾਲ ਸਬੰਧਤ ਨਸ਼ਾ ਤਸਕਰ 4 ਕਿਲੋ ਹੈਰੋਇਨ, 5.5 ਲੱਖ ਰੁਪਏ ਦੀ ਡਰੱਗ ਮਨੀ ਅਤੇ ਗਲੌਕ ਪਿਸਤੌਲ ਸਮੇਤ ਬਰਾਮਦ: ਡੀਜੀਪੀ ਗੌਰਵ ਯਾਦਵ

ਗ੍ਰਿਫ਼ਤਾਰ ਡੀਐਸਪੀ ਜੇਲ੍ਹ ਵਿੱਚ ਨਸ਼ਿਆਂ ਅਤੇ ਮੋਬਾਈਲ ਫੋਨਾਂ ਦੀ ਸਹੂਲਤ ਦੇਣ ਬਦਲੇ ਨਕਦੀ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਦੇ ਯੂਪੀਆਈ ਖਾਤਿਆਂ ਰਾਹੀਂ ਲੈ ਰਿਹਾ ਸੀ ਪੈਸੇ: ਐਸਐਸਪੀ ਸੰਗਰੂਰ ਸਰਤਾਜ ਚਾਹਲ

ਸੰਗਰੂਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸ਼ੁਰੂ ਕੀਤੀ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ, ਸੰਗਰੂਰ ਪੁਲਿਸ ਨੇ ਜੇਲ੍ਹ ਦੇ ਅੰਦਰੋਂ ਚੱਲ ਰਹੇ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਕੇ ਇਸ ਕੇਸ ਵਿੱਚ ਜੇਲ੍ਹ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਸੁਰੱਖਿਆ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਭਰੋਸੇਯੋਗ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਸੰਗਰੂਰ ਜੇਲ੍ਹ ਦੇ ਅੰਦਰ ਛਾਪੇਮਾਰੀ ਦੌਰਾਨ 12 ਮੋਬਾਈਲ ਫੋਨ, 4 ਸਮਾਰਟਵਾਚ, 50 ਗ੍ਰਾਮ ਅਫੀਮ, 12 ਗ੍ਰਾਮ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਹੋਏ। ਡੀਜੀਪੀ ਨੇ ਇਸ ਕੇਸ ਵਿੱਚ ਜੇਲ੍ਹ ਕਰਮਚਾਰੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪ੍ਰਸ਼ਾਂਤ ਨਾਮੀ ਦਰਜਾ ਚਾਰ ਕਰਮਚਾਰੀ, ਜਿਸਦੀ ਭੂਮਿਕਾ ਤਸਕਰੀ ਸਬੰਧੀ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਸਾਹਮਣੇ ਆਈ ਹੈ, ਦੀ ਸ਼ਮੂਲੀਅਤ ਦਾ ਵੀ ਪਤਾ ਲੱਗਾ ਹੈ।

ਉਨ੍ਹਾਂ ਕਿਹਾ ਕਿ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਦੌਰਾਨ ਅੰਮ੍ਰਿਤਸਰ ਦੇ ਨਸ਼ਾ ਤਸਕਰ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਇਸ ਸਮੇਂ ਸੰਗਰੂਰ ਜੇਲ੍ਹ ਵਿੱਚ ਬੰਦ ਕੈਦੀ ਗੁਰਵਿੰਦਰ ਸਿੰਘ ਦਾ ਸਾਥੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਟੀਮਾਂ ਨੇ ਦੋਸ਼ੀ ਮਨਪ੍ਰੀਤ ਦੇ ਕਬਜ਼ੇ ‘ਚੋਂ 4 ਕਿਲੋ ਹੈਰੋਇਨ, 5.5 ਲੱਖ ਰੁਪਏ ਦੀ ਡਰੱਗ ਮਨੀ ਅਤੇ ਦੋ ਜ਼ਿੰਦਾ ਕਾਰਤੂਸ ਸਮੇਤ ਇੱਕ 9 ਐਮਐਮ ਗਲੌਕ ਪਿਸਤੌਲ ਬਰਾਮਦ ਕੀਤਾ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਕੇਸ ਵਿੱਚ ਜਾਂਚ ਜਾਰੀ ਹੈ ਅਤੇ ਅੱਗੇ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਉਮੀਦ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀ, ਭਾਵੇਂ ਉਹ ਕਿਸੇ ਵੀ ਰੈਂਕ ਜਾਂ ਅਹੁਦਾ ਦਾ ਹੋਵੇ, ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।

ਹੋਰ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਸੰਗਰੂਰ ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਡੀਐਸਪੀ ਗੁਰਪ੍ਰੀਤ ਸਿੰਘ ਜੇਲ੍ਹ ਵਿੱਚ ਨਸ਼ਿਆਂ ਅਤੇ ਮੋਬਾਈਲ ਫੋਨਾਂ ਦੀ ਤਸਕਰੀ ਵਿੱਚ ਸਰਗਰਮੀ ਨਾਲ ਸ਼ਾਮਲ ਸੀ।

ਉਨ੍ਹਾਂ ਕਿਹਾ ਕਿ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਡੀਐਸਪੀ ਨੇ ਜੇਲ੍ਹ ਵਿੱਚ 25 ਗ੍ਰਾਮ ਹੈਰੋਇਨ ਅਤੇ ਦੋ ਮੋਬਾਈਲ ਫੋਨ ਪਹੁੰਚਾਉਣ ਬਦਲੇ ਕੈਦੀ ਗੁਰਚੇਤ ਦੇ ਰਿਸ਼ਤੇਦਾਰ ਤੋਂ 40000 ਰੁਪਏ ਨਕਦ ਅਤੇ ਯੂਪੀਆਈ ਰਾਹੀਂ ਆਪਣੀ ਪਤਨੀ ਦੇ ਖਾਤੇ ਵਿੱਚ 26000 ਰੁਪਏ ਪ੍ਰਾਪਤ ਕੀਤੇ ਸਨ। ਉਨ੍ਹਾਂ ਦੱਸਿਆ ਕਿ ਕੁੱਲ 25 ਗ੍ਰਾਮ ਹੈਰੋਇਨ ਵਿੱਚੋਂ, 12 ਗ੍ਰਾਮ ਹੈਰੋਇਨ ਰਵੀ ਨਾਮ ਦੇ ਇੱਕ ਹੋਰ ਕੈਦੀ ਤੋਂ ਬਰਾਮਦ ਕੀਤੀ ਗਈ ਹੈ, ਜੋ ਗੁਰਚੇਤ ਦੇ ਕਹਿਣ ‘ਤੇ ਅੱਗੇ ਹੋਰਨਾਂ ਕੈਦੀਆਂ ਨੂੰ ਨਸ਼ੇ ਵੇਚਦਾ ਸੀ।

ਐਸਐਸਪੀ ਨੇ ਕਿਹਾ ਕਿ ਡੀਐਸਪੀ ਗੁਰਪ੍ਰੀਤ ਸਿੰਘ, ਮੁਲਾਜ਼ਮ ਪ੍ਰਸ਼ਾਂਤ, ਨਸ਼ਾ ਤਸਕਰ ਮਨਪ੍ਰੀਤ ਸਿੰਘ, ਕੈਦੀ ਗੁਰਚੇਤ ਦੀ ਮਾਂ ਬੰਤੋ ਉਰਫ਼ ਬੰਸੋ ਅਤੇ 15 ਕੈਦੀਆਂ ਗੁਰਵਿੰਦਰ ਸਿੰਘ, ਲਵਜੀਤ ਸਿੰਘ, ਸਿਕੰਦਰ ਸਿੰਘ, ਪ੍ਰਗਟ ਸਿੰਘ, ਸੁਲਤਾਨ ਸਿੰਘ, ਅਮਨ ਕੁਮਾਰ, ਅਜੈ, ਹਰਪ੍ਰੀਤ ਸਿੰਘ ਵਾਸੀ ਲੁਧਿਆਣਾ, ਰਿਸ਼ੀਪਾਲ, ਹਰਪ੍ਰੀਤ ਸਿੰਘ ਵਾਸੀ ਧੂਰੀ, ਮੁੰਨਾ, ਗੁਰਰਾਜ ਸਿੰਘ, ਰਘਵੀਰ ਸਿੰਘ, ਗੁਰਚੇਤ ਸਿੰਘ ਅਤੇ ਰਾਜੀਵ ਕੌਸ਼ਲ ਉਰਫ਼ ਗੱਗੂ ਸਮੇਤ ਕੁੱਲ 19 ਮੁਲਜ਼ਮਾਂ ਨੂੰ ਹੁਣ ਤੱਕ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ ਤਾਂ ਜੋ ਸਮੁੱਚੇ ਨੈੱਟਵਰਕ ਨੂੰ ਬੇਨਕਾਬ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ਇਸ ਸਬੰਧੀ ਐਨਡੀਪੀਐਸ ਐਕਟ ਦੀ ਧਾਰਾ 18, 21, 29 ਅਤੇ 27ਏ, ਜੇਲ੍ਹ ਐਕਟ ਦੀ ਧਾਰਾ 52-ਏ ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਪੁਲਿਸ ਥਾਣਾ ਸਿਟੀ-1 ਸੰਗਰੂਰ ਵਿਖੇ ਐਫਆਈਆਰ ਨੰਬਰ 75 ਮਿਤੀ 27/4/2025 ਅਧੀਨ ਪਹਿਲਾਂ ਹੀ ਕੇਸ ਦਰਜ ਕੀਤਾ ਜਾ ਚੁੱਕਾ ਹੈ, ਜਦੋਂ ਕਿ ਇਸ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਬਾਅਦ ਵਿੱਚ ਜੋੜੀ ਗਈ।

Have something to say? Post your comment

 

More in Malwa

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ 

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ