Wednesday, September 17, 2025

Malwa

'ਆਪ' ਨਾਲ ਸਮਝੌਤਾ ਨਾ ਕਰਨਾ ਕਾਂਗਰਸ ਲਈ ਚੰਗਾ ਸੰਕੇਤ : ਰਾਜਾ ਵੜਿੰਗ 

September 11, 2024 07:01 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਹਰਿਆਣਾ ਵਿੱਚ ਕਾਂਗਰਸ ਹਾਈਕਮਾਨ ਵੱਲੋਂ ‘ਆਪ’ ਨਾਲ ਸਮਝੌਤਾ ਨਾ ਕਰਨਾ ਬਹੁਤ ਵਧੀਆ ਫੈਸਲਾ ਹੈ, ਇਹ ਕਾਂਗਰਸ ਲਈ ਸ਼ੁਭ ਸੰਕੇਤ ਹੈ। 'ਆਪ' ਕਾਂਗਰਸ ਦੀ ਮਦਦ ਨਾਲ ਹਰਿਆਣਾ 'ਚ ਇੱਕ ਜਾਂ ਦੋ ਸੀਟਾਂ ਜਿੱਤਣ ਦੀ ਯੋਜਨਾ ਬਣਾ ਰਹੀ ਸੀ ਜਦਕਿ ਸੱਚਾਈ ਇਹ ਹੈ ਕਿ ਹਰਿਆਣਾ ਦੇ ਕਿਸੇ ਵੀ ਹਲਕੇ 'ਤੋਂ ਆਮ ਆਦਮੀ ਪਾਰਟੀ ਨੂੰ ਦੋ ਹਜ਼ਾਰ ਤੋਂ ਵੱਧ ਵੋਟਾਂ ਨਹੀਂ ਮਿਲਣਗੀਆਂ। ਬੁੱਧਵਾਰ ਨੂੰ ਸੁਨਾਮ ਵਿਖੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ‘ਆਪ’ ਕਾਂਗਰਸ ਦਾ ਸਹਾਰਾ ਲੈ ਕੇ ਆਪਣੀ ਸਿਆਸੀ ਗੱਡੀ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਜਨਤਾ ਆਮ ਆਦਮੀ ਪਾਰਟੀ ਦੀ ਸਚਾਈ ਨੂੰ ਸਮਝ ਚੁੱਕੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਰਾਜਨੀਤਕ ਤੌਰ ਤੇ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ। ਚਰਚਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਨੂੰ ਅਗਲੇ ਦੋ ਸਾਲਾਂ ਲਈ ਚੋਣ ਨਾ ਲੜਨ ਤੇ ਰੋਕ ਲਾਉਣ ਦਾ ਫੈਸਲਾ ਹੋ ਸਕਦਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਸਜ਼ਾ ਲਾਉਣੀ ਹੀ ਹੈ ਤਾਂ ਅਗਲੇ ਚਾਰ ਸਾਲਾਂ ਲਈ ਪਾਬੰਦੀ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਮਨੁੱਖ ਦੁਆਰਾ ਕੀਤੀਆਂ ਗਲਤੀਆਂ ਮਾਫ਼ ਕੀਤੀਆਂ ਜਾਂਦੀਆਂ ਹਨ, ਗੁਨਾਹ ਨਹੀਂ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸੱਤਾ ਦੇ ਨਸ਼ੇ ਵਿੱਚ ਸਿੱਖ ਰਵਾਇਤਾਂ ਨੂੰ ਢਾਹ ਲਾਈ ਹੈ, ਉਸਦੇ ਗੁਨਾਹਾਂ ਦੀ ਸਜ਼ਾ ਭੁਗਤਣੀ ਹੀ ਪੈਣੀ ਹੈ। ਉਨ੍ਹਾਂ ਦੇਸ਼ ਅੰਦਰ ਸਿਆਸੀ ਬਦਲਾਖੋਰੀ ਤਹਿਤ ਹੋ ਰਹੀ ਕਾਰਵਾਈ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਮੇਤ ਕਈ ਸੂਬੇ ਸਿਆਸੀ ਬਦਲਾਖੋਰੀ ਤਹਿਤ ਕੇਸ ਦਰਜ ਕਰਕੇ ਆਗੂਆਂ ਨੂੰ ਫਸਾਉਂਦੇ ਹਨ। ਲੋਕਤੰਤਰ ਵਿੱਚ ਹਰ ਕਿਸੇ ਨੂੰ ਆਪਣੀ ਆਵਾਜ਼ ਉਠਾਉਣ ਦਾ ਹੱਕ ਹੈ। ਅਵਾਜ਼ ਨੂੰ ਦਬਾਉਣ ਲਈ ਸੱਤਾ ਦੀ ਦੁਰਵਰਤੋਂ ਕਰਨ ਦੀ ਰਵਾਇਤ ਗਲਤ ਹੈ ਅਤੇ ਭਵਿੱਖ ਵਿੱਚ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।ਇਸ ਮੌਕੇ ਸਾਬਕਾ ਚੇਅਰਮੈਨ ਰਜਿੰਦਰ ਸਿੰਘ ਰਾਜਾ ਬੀਰਕਲਾਂ, ਮਨਪ੍ਰੀਤ ਸਿੰਘ ਮਨੀ ਵੜ੍ਹੈਚ, ਅਨੁਰਿੱਧ ਵਸ਼ਿਸ਼ਟ, ਇੰਸਪੈਕਟਰ ਬਲਕਾਰ ਸਿੰਘ, ਪਵਨਜੀਤ ਸਿੰਘ ਹੰਝਰਾ, ਨਰੇਸ਼ ਸ਼ਰਮਾ, ਸੁਰਿੰਦਰ ਸਿੰਘ ਭਰੂਰ, ਸ਼ਸ਼ੀ ਅਗਰਵਾਲ, ਰੁਪਿੰਦਰ ਭਾਰਦਵਾਜ ਆਦਿ ਹਾਜ਼ਰ ਸਨ। 

Have something to say? Post your comment