Thursday, December 04, 2025

Malwa

ਵਿਧਾਨ ਸਭਾ ਦੀ ਸਥਾਨਕ ਸਰਕਾਰਾਂ ਬਾਰੇ ਸਬ ਕਮੇਟੀ ਵੱਲੋਂ ਲਿਆ ਜਾਇਜ਼ਾ

February 29, 2024 11:24 AM
SehajTimes
ਪਟਿਆਲਾ : ਪੰਜਾਬ ਵਿਧਾਨ ਸਭਾ ਦੀ ਸਥਾਨਕ ਸਰਕਾਰਾਂ ਦੀ ਕਮੇਟੀ ਵੱਲੋਂ ਵਿਧਾਇਕਾਂ ਅਜੀਤਪਾਲ ਸਿੰਘ ਕੋਹਲੀ, ਨੀਨਾ ਮਿੱਤਲ ਅਤੇ ਕੁਲਜੀਤ ਸਿੰਘ ਰੰਧਾਵਾ 'ਤੇ ਅਧਾਰਤ ਗਠਿਤ ਕੀਤੀ ਸਬ ਕਮੇਟੀ ਨੇ ਅੱਜ ਨਗਰ ਨਿਗਮ ਵਿਖੇ ਇੱਕ ਅਹਿਮ ਬੈਠਕ ਕਰਕੇ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।ਜਿਕਰਯੋਗ ਹੈ ਕਿ ਸਥਾਨਕ ਸਰਕਾਰਾਂ ਦੀ ਕਮੇਟੀ ਨੇ ਚੇਅਰਮੈਨ ਤੇ ਵਿਧਾਇਕ ਲੁਧਿਆਣਾ ਪੱਛਮੀ ਗੁਰਪ੍ਰੀਤ ਬੱਸੀ ਗੋਗੀ ਦੀ ਅਗਵਾਈ ਹੇਠ ਲੰਘੀ 19 ਜਨਵਰੀ ਨੂੰ ਨਗਰ ਨਿਗਮ ਤੇ ਨਗਰ ਸੁਧਾਰ ਟਰੱਸਟ ਪਟਿਆਲਾ ਦੇ ਨਾਲ ਸਬੰਧਤ ਵਿਕਾਸ ਕਾਰਜਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਸੀ ਅਤੇ ਇਨ੍ਹਾਂ ਕੰਮਾਂ ਦਾ ਦੁਬਾਰਾ ਜਾਇਜ਼ਾ ਲੈਣ ਲਈ ਇੱਕ ਸਬ ਕਮੇਟੀ ਦਾ ਗਠਨ ਕੀਤਾ ਸੀ। ਇਸੇ ਕਮੇਟੀ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਟਿਆਲਾ ਸ਼ਹਿਰ ਵਿੱਚ ਪਿਛਲੇ ਸਮੇਂ ਦੌਰਾਨ ਹੋਏ ਵਿਕਾਸ ਕਾਰਜਾਂ 'ਤੇ ਤਸੱਲੀ ਦਾ ਇਜ਼ਹਾਰ ਕਰਦਿਆਂ ਚੱਲ ਰਹੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਕੀਤੀ। ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਸਬ ਕਮੇਟੀ ਨੇ ਪਿਛਲੇ ਸਮੇਂ ਵਿਧਾਨ ਸਭਾ ਕਮੇਟੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ 'ਤੇ ਹੋਏ ਕੰਮਾਂ ਦਾ ਅੱਜ ਬਾਰੀਕੀ ਨਾਲ ਮੁਲੰਕਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਦੇ ਦੌਰੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਮੁਤਾਬਕ ਪਟਿਆਲਾ ਸ਼ਹਿਰ ਵਿੱਚ ਕਰਵਾਏ ਗਏ ਕੰਮ ਲੋਕਾਂ ਨੂੰ ਦਿਸਣ ਲੱਗੇ ਹਨ, ਇਸ 'ਤੇ ਕਮੇਟੀ ਨੇ ਤਸੱਲੀ ਦਾ ਇਜ਼ਹਾਰ ਕੀਤਾ ਹੈ। ਵਿਧਾਇਕ ਕੋਹਲੀ ਨੇ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਧੰਨਵਾਦ ਹੈ, ਜਿਨ੍ਹਾਂ ਨੇ ਕਾਬਲ ਵਿਧਾਇਕਾਂ ਦੀ ਕਮੇਟੀ ਦਾ ਗਠਨ ਕਰਕੇ ਪਟਿਆਲਾ ਭੇਜਿਆ ਅਤੇ ਇਸ ਕਮੇਟੀ ਵੱਲੋਂ ਨਿਰੰਤਰ ਜਾਇਜ਼ਾ ਲਿਆ ਜਾਵੇਗਾ ਤਾਂ ਕਿ ਪਟਿਆਲਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਮੇਂ ਸਿਰ ਮੁਕੰਮਲ ਕਰਕੇ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾ ਸਕਣ। ਸਬ ਕਮੇਟੀ 'ਚ ਸ਼ਾਮਲ ਵਿਧਾਇਕਾਂ ਅਜੀਤਪਾਲ ਸਿੰਘ ਕੋਹਲੀ, ਨੀਨਾ ਮਿੱਤਲ ਤੇ ਕੁਲਜੀਤ ਸਿੰਘ ਰੰਧਾਵਾ ਡੇਰਾਬਸੀ ਨੇ ਅਧਿਕਾਰੀਆਂ ਤੋਂ ਸਥਾਨਕ ਸਰਕਾਰਾਂ ਕਮੇਟੀ ਵੱਲੋਂ ਪਿਛਲੇ ਦੌਰੇ ਸਮੇਂ ਦਿੱਤੇ ਗਏ ਨਿਰਦੇਸ਼ਾਂ 'ਤੇ ਕੀਤੇ ਗਏ ਅਮਲ ਦੀ ਮੁਕੰਮਲ ਜਾਣਕਾਰੀ ਲਈ ਅਤੇ ਹੋਰ ਲੋੜੀਂਦੇ ਨਿਰਦੇਸ਼ ਦਿੱਤੇ।
 
 
ਬੈਠਕ ਦੌਰਾਨ ਏ.ਸੀ. ਮਾਰਕਿਟ ਨੇੜੇ ਬਹੁ ਮੰਜ਼ਿਲਾਂ ਕਾਰ ਪਾਰਕਿੰਗ, ਨਹਿਰੀ ਪਾਣੀ ਪ੍ਰੋਜੈਕਟ, ਸ਼ਹਿਰ ਵਿੱਚਲੇ ਨਜਾਇਜ਼ ਕਬਜ਼ਿਆਂ, ਸਾਫ਼ ਸਫ਼ਾਈ, ਕੂੜੇ ਦੇ ਬਿਨਜ਼ ਦਾ ਰੱਖ-ਰਖਾਓ, ਅਬਲੋਵਾਲ ਡੇਅਰੀ ਪ੍ਰਾਜੈਕਟ, ਨਗਰ ਸੁਧਾਰ ਟਰੱਸਟ ਦਾ ਮਿਡ ਟਾਊਨ ਪਲਾਜ਼ਾ, ਨਗਰ ਨਿਗਮ ਦੀ ਆਮਦਨ ਵਧਾਉਣ, ਸ਼ਹਿਰ ਵਿਚਲੀਆਂ ਬਿਜਲੀ ਦੀਆਂ ਤਾਰਾਂ ਜਮੀਨਦੋਜ਼ ਕਰਨ, ਕਬਾੜੀ ਮਾਰਕੀਟ ਵਿਖੇ ਸੀਵਰੇਜ, ਸੜਕਾਂ, ਤੇ ਹੋਰ ਵਿਕਾਸ ਪ੍ਰਾਜੈਕਟਾਂ ਦਾ ਵੀ ਜਾਇਜ਼ਾ ਲੈਂਦਿਆਂ ਇਨ੍ਹਾਂ ਨੂੰ ਮਿੱਥੇ ਸਮੇਂ ਵਿੱਚ ਕਰਵਾਉਣ ਬਾਰੇ ਕਿਹਾ ਗਿਆ। ਕਮੇਟੀ ਨੇ ਹਦਾਇਤ ਕੀਤੀ ਕਿ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ, ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਨਿਗਮ ਦੇ ਸੀਨੀਅਰ ਅਧਿਕਾਰੀਆਂ ਸਮੇਤ ਬਿਜਲੀ ਨਿਗਮ, ਨਗਰ ਸੁਧਾਰ ਟਰੱਸਟ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
 

Have something to say? Post your comment