Friday, December 19, 2025

Malwa

ਸੁਨਾਮ ਚ, ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਬਣੀ ਮੁਸੀਬਤ

February 18, 2024 07:23 PM
ਦਰਸ਼ਨ ਸਿੰਘ ਚੌਹਾਨ

ਕਾਰੋਬਾਰ ਠੱਪ, ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ

 
ਸੁਨਾਮ : ਕਿਸਾਨ ਅੰਦੋਲਨ ਦੇ ਮੱਦੇਨਜ਼ਰ ਸੁਨਾਮ ਸ਼ਹਿਰ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਇੰਟਰਨੈੱਟ ਸੇਵਾਵਾਂ ਬੰਦ ਹਨ ਅਤੇ ਇੱਥੋਂ ਦਾ ਹਰ ਵਰਗ ਇਸ ਸਥਿਤੀ ਤੋਂ ਦੁਖੀ ਹੈ। ਜਿਨ੍ਹਾਂ ਲੋਕਾਂ ਨੂੰ ਇੰਟਰਨੈੱਟ ਸੇਵਾਵਾਂ ਦੀ ਫੌਰੀ ਲੋੜ ਹੈ, ਉਨ੍ਹਾਂ ਨੂੰ ਸ਼ਹਿਰੀ ਖੇਤਰ ਛੱਡ ਕੇ ਪਿੰਡਾਂ ਦੀਆਂ ਹੱਦਾਂ ਵਿੱਚ ਜਾ ਕੇ ਇੰਟਰਨੈੱਟ ਰਾਹੀਂ ਆਪਣਾ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹੈਰਾਨੀਜਨਕ ਪਹਿਲੂ ਇਹ ਹੈ ਕਿ ਪਿੰਡਾਂ ਵਿੱਚ ਇੰਟਰਨੈੱਟ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਹੈ ਜਦੋਂਕਿ ਕਿਸਾਨ ਅੰਦੋਲਨ ਦੀ ਸਾਰੀ ਜ਼ਿੰਮੇਵਾਰੀ ਪਿੰਡਾਂ ਦੀ ਹੈ। ਅਜਿਹੀ ਸਥਿਤੀ ਵਿੱਚ ਸਵਾਲ ਉਠਾਏ ਜਾ ਰਹੇ ਹਨ ਕਿ ਸ਼ਹਿਰ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰਨ ਦਾ ਕੀ ਤਰਕ ਹੈ, ਕੀ ਪ੍ਰਸ਼ਾਸਨ ਇਸ ਪੱਖ ਤੋਂ ਸੁਚੇਤ ਨਹੀਂ ਹੈ ਜਾਂ ਵਿਭਾਗੀ ਹੈੱਡਕੁਆਰਟਰ ਨੇ ਗਲਤ ਸਰਕਲ ਦੀਆਂ ਸੇਵਾਵਾਂ (ਇੰਟਰਨੈਟ) ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ? ਦੱਸਣਯੋਗ ਕਿ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਆਨਲਾਈਨ ਭੁਗਤਾਨ ਠੱਪ ਹੋ ਗਿਆ ਹੈ। ਪੈਟਰੋਲ, ਡੀਜ਼ਲ ਅਤੇ ਦਵਾਈਆਂ ਦੀ ਖਰੀਦ ਪ੍ਰਭਾਵਿਤ ਹੋ ਰਹੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਹ ਸਾਲਾਨਾ ਪ੍ਰੀਖਿਆ ਦਾ ਸਮਾਂ ਹੈ ਅਤੇ ਵਿਦਿਆਰਥੀ ਇੰਟਰਨੈਟ ਤੋਂ ਬਹੁਤ ਸਾਰੀਆਂ ਜਾਣਕਾਰੀ ਲੈਂਦੇ ਹਨ। ਵਿਦਿਆਰਥੀ ਦੁਖੀ ਹੋ ਗਏ ਹਨ। ਮੀਡੀਆ ਨਾਲ ਜੁੜੇ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਇੰਟਰਨੈੱਟ ਸੇਵਾਵਾਂ ਲੈਣ ਲਈ ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਤੱਕ ਪਹੁੰਚਣ ਲਈ ਮਜਬੂਰ ਹਨ। ਲੋਕਾਂ ਦੀ ਮੰਗ ਹੈ ਕਿ ਇੰਟਰਨੈੱਟ ਸੇਵਾਵਾਂ ਤੁਰੰਤ ਬਹਾਲ ਕੀਤੀਆਂ ਜਾਣ। ਇਸ ਬਾਰੇ ਐਸਡੀਐਮ ਪ੍ਰਮੋਦ ਸਿੰਗਲਾ ਨੇ ਕਿਹਾ ਕਿ ਇਹ ਉਨ੍ਹਾਂ ਦੇ ਪੱਧਰ ਦੀ ਗੱਲ ਨਹੀਂ ਹੈ। ਫਿਰ ਵੀ ਉਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਗੇ।

Have something to say? Post your comment